ਬੀਜਿੰਗ : ਵੁਹਾਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਮਾਰੀ ਨਾਲ ਪੂਰੀ ਦੁਨੀਆ ਜੂਝ ਰਹੀ ਹੈ ਕਿ ਚੀਨ 'ਚ ਇਕ ਨਵੀਂ ਇਨਫੈਕਟਡ ਬਿਮਾਰੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਬਿਮਾਰੀ ਨਾਲ ਚੀਨ 'ਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਤੇ 60 ਲੋਕ ਬਿਮਾਰ ਹਨ। ਚੀਨ ਦੇ ਸਰਕਾਰੀ ਮੀਡੀਆ ਨੇ ਬੁੱਧਵਾਰ ਨੂੰ ਸ਼ੰਕਾ ਜਤਾਈ ਕਿ ਇਹ ਇਨਫਕੈਸ਼ਨ ਇਨਸਾਨਾਂ 'ਚ ਫ਼ੈਲ ਸਕਦੀ ਹੈ। ਪੂਰਬੀ ਚੀਨ ਦੇ ਜਿਆਂਗਸੂ ਪ੍ਰਾਂਤ 'ਚ ਪਿਛਲੇ ਛੇ ਮਹੀਮੇ ਦੌਰਾਨ ਐੱਸਐੱਫਟੀਐੱਸ ਵਾਇਰਸ ਨਾਲ 37 ਤੋਂ ਵੱਧ ਲੋਕ ਇਨਫੈਕਟਡ ਹੋਏ ਹਨ। ਪੂਰਬੀ ਚੀਨ ਦੇ ਅਨਹੁਏ ਪ੍ਰਾਂਤ 'ਚ ਵੀ 23 ਲੋਕਾਂ ਦੇ ਇਨਫੈਟਡ ਹੋਣ ਦੀ ਗੱਲ ਸਾਹਮਣੇ ਆਈ ਹੈ।

ਐੱਸਐੱਫਟੀਐੱਸ ਵਾਇਰਸ ਤੋਂ ਇਨਫੈਕਟਡ ਜਿਆਂਗਸੂ ਦੀ ਰਾਜਧਾਨੀ ਨਾਨਜਿਆਂਗ ਦੀ ਇਕ ਮਹਿਲਾ ਨੂੰ ਸ਼ੁਰੂ 'ਚ ਖੰਘ ਤੇ ਬੁਖ਼ਾਰ ਦੇ ਲੱਛਣ ਦਿਖਾਈ ਦਿੱਤੇ ਸਨ। ਇਕ ਮਹੀਨੇ ਦੇ ਇਲਾਜ ਤੋਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਰਿਪੋਰਟ ਅਨੁਸਾਰ ਇਸ ਵਾਇਰਸ ਨਾਲ ਅਨਹੁਈ ਤੇ ਝੇਜਿਆਂਗ ਸੂਬੇ 'ਚ ਘੱਟ ਤੋਂ ਘੱਟ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਐੱਸਐੱਫਟੀਐੱਸ ਵਾਇਰਸ ਨਵਾਂ ਨਹੀਂ ਹੈ। ਚੀਨ 'ਚ ਪਹਿਲੀ ਵਾਰ ਸਾਲ 2011 'ਚ ਇਸ ਦਾ ਪਤਾ ਲੱਗਿਆ ਸੀ। ਬਾਇਰੋਲੋਜਿਸਟ ਦਾ ਮੰਨਣਾ ਹੈ ਕਿ ਇਹ ਇਨਫੈਕਸ਼ਨ ਪਸ਼ੂਆਂ ਦੇ ਸਰੀਰ 'ਤੇ ਚਿਪਕਣ ਵਾਲੇ ਕੀੜੇ (ਟਿਕ) ਤੋਂ ਮਨੁੱਖ 'ਚ ਫ਼ੈਲ ਸਕਦੀ ਹੈ। ਇਸ ਤੋਂ ਬਾਅਦ ਇਨਸਾਨਾਂ 'ਚ ਇਸ ਇਨਫੈਕਸ਼ਨ ਦਾ ਪ੍ਰਸਾਰ ਹੋ ਸਕਦਾ ਹੈ।

ਉਧਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨੀ ਸਰਕਾਰ ਨੂੰ ਵੁਹਾਨ 'ਚ ਹੀ ਕੋਰੋਨਾ ਮਹਾਮਾਰੀ ਨੂੰ ਰੋਕ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਹ ਵਾਇਰਸ ਦੁਨੀਆ ਭਰ 'ਚ ਫ਼ੈਲਣਾ ਨਹੀਂ ਚਾਹੀਦਾ ਸੀ। ਉਹ ਇਸ ਨੂੰ ਰੋਕ ਸਕਦੇ ਸਨ ਪਰ ਉਨ੍ਹਾਂ ਨੇ ਇਸ ਨੂੰ ਫ਼ੈਲਣ ਦਿੱਤਾ। ਇਸੇ ਕਰਕੇ ਚੀਨ ਪ੍ਰਤੀ ਅਮਰੀਕਾ ਨੂੰ ਆਪਣੀ ਸੋਚ ਬਦਲਣੀ ਪਈ। ਚੀਨ 'ਤੇ ਹੁਣ ਭਰੋਸਾ ਨਹੀਂ ਕੀਤਾ ਜਾ ਸਕਦਾ। ਪਿਛਲੇ ਮਹੀਨੇ ਵੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਚੀਨ ਦੇ ਵਾਇਰਸ ਦੀ ਗੱਲ ਲੁਕਾ ਕੇ ਰੱਖੀ, ਦੁਨੀਆ ਨੂੰ ਧੋਖੇ 'ਚ ਰੱਖਿਆ।

ਬੀਤੇ ਦਿਨੀਂ ਉੱਤਰੀ ਚੀਨ 'ਚ ਬਿਊਬਾਨਿਕ ਪਲੇਗ ਦੇ ਫ਼ੈਲਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਨੂੰ ਲੈ ਕੇ ਚੀਨੀ ਸਰਕਾਰ ਨੇ ਚਿਤਾਵਨੀ ਜਾਰੀ ਕੀਤੀ ਸੀ। ਚੀਨ ਦੇ ਪੱਛਮੀ ਮੰਗੋਲੀਆ 'ਚ ਇਕ 15 ਸਾਲ ਦੇ ਲੜਕੇ ਦੀ ਇਸ ਇਨਫੈਕਸ਼ਨ ਨਾਲ ਮੌਤ ਵੀ ਹੋ ਗਈ ਸੀ। ਚੀਨ ਦੇ ਸਿਹਤ ਮੰਤਰਾਲੇ ਅਨੁਸਾਰ Marmot ਦਾ ਮਾਸ ਖਾਣ ਕਾਰਨ ਉਕਤ ਲੜਕਾ ਬਿਮਾਰ ਪਿਆ ਸੀ। ਜ਼ਿਕਰਯੋਗ ਹੈ ਕਿ ਕੋਰੋਨਾ ਨੇ ਸਭ ਤੋਂ ਪਹਿਲਾਂ ਚੀਨ 'ਚ ਹੀ ਤਬਾਹੀ ਮਚਾਈ ਸੀ ਤੇ ਹੌਲੀ-ਹੌਲੀ ਇਹ ਪੂਰੀ ਦੁਨੀਆ 'ਚ ਫ਼ੈਲ ਗਈ।

Posted By: Harjinder Sodhi