ਬੀਜਿੰਗ : ਵਨ ਬੈਲਟ ਵਨ ਰੋਡ (ਓਬੀਓਆਰ) ਪ੍ਰਾਜੈਕਟ ਦੇ ਦੂਜੇ ਸੰਮੇਲਨ 'ਚ ਵੀ ਭਾਰਤ ਦੇ ਹਿੱਸਾ ਨਾ ਲੈਣ ਨੂੰ ਚੀਨ ਨੇ ਤੂਲ ਨਹੀਂ ਦਿੱਤਾ ਹੈ। ਚੀਨ ਨੇ ਕਿਹਾ ਹੈ ਕਿ ਭਾਰਤ ਇਸ ਪ੍ਰਾਜੈਕਟ ਦੇ ਉਦੇਸ਼ ਨੂੰ ਨਹੀਂ ਸਮਝ ਰਿਹਾ। ਨਵੀਂ ਦਿੱਲੀ ਪਹਿਲਾਂ ਉਡੀਕ ਕਰੇ ਤੇ ਵੇਖੇ, ਇਸ ਤੋਂ ਬਾਅਦ ਪ੍ਰਾਜੈਕਟ 'ਚ ਸ਼ਾਮਲ ਹੋਣ ਨੂੰ ਲੈ ਕੇ ਕੋਈ ਫ਼ੈਸਲਾ ਕਰੇ। 2017 'ਚ ਹੋਏ ਪਹਿਲੇ ਸੰਮੇਲਨ ਤੋਂ ਵੀ ਭਾਰਤ ਦੂਰ ਰਿਹਾ ਸੀ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ 2013 'ਚ ਅਰਬਾਂ ਡਾਲਰ ਦੀ ਲਾਗਤ ਵਾਲਾ ਓਬੀਓਆਰ ਪ੍ਰਾਜੈਕਟ ਸ਼ੁਰੂ ਕੀਤਾ ਹੈ। ਇਸ ਦਾ ਉਦੇਸ਼ ਅਫ਼ਰੀਕਾ, ਯੂਰਪ, ਮੱਧ ਏਸ਼ੀਆ ਤੇ ਦੱਖਣੀ-ਪੂਰਬੀ ਏਸ਼ੀਆ ਨੂੰ ਚੀਨ ਨਾਲ ਜ਼ਮੀਨ ਤੇ ਸਮੁੰਦਰ ਰਾਹੀਂ ਜੋੜਨਾ ਹੈ। ਮਕਬੂਜ਼ਾ ਕਸ਼ਮੀਰ 'ਚੋਂ ਹੋ ਕੇ ਇਸ ਪ੍ਰਾਜੈਕਟ ਦੇ ਅੰਤਰਗਤ ਬਣੇ ਚਾਈਨਾ-ਪਾਕਿਸਤਾਨ ਇਕੋਨਾਮਿਕ ਕਾਰੀਡੋਰ (ਸੀਪੀਈਸੀ) ਦੇ ਗੁਜ਼ਰਨ ਕਾਰਨ ਭਾਰਤ ਨਾਰਾਜ਼ ਹੈ ਤੇ ਇਸ ਪ੍ਰਾਜੈਕਟ ਦਾ ਬਾਈਕਾਟ ਕੀਤਾ ਹੋਇਆ ਹੈ। ਇਸ ਪ੍ਰਾਜੈਕਟ ਲਈ ਚੀਨ ਨੇ 25 ਤੋਂ 27 ਅਪ੍ਰਰੈਲ ਤਕ ਦੂਜਾ ਕੌਮਾਂਤਰੀ ਸੰਮੇਲਨ ਰੱਖਿਆ ਹੈ। ਚੀਨ ਦਾ ਕਹਿਣਾ ਹੈ ਕਿ ਇਸ ਸੰਮੇਲਨ 'ਚ 100 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਣ ਦੀ ਸੂਚਨਾ ਭੇਜ ਚੁੱਕੇ ਹਨ ਜਿਨ੍ਹਾਂ 'ਚੋਂ 40 ਰਾਸ਼ਟਰ ਪ੍ਰਧਾਨ ਜਾਂ ਸ਼ਾਸਨ ਪ੍ਰਧਾਨ ਹਨ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਲਿਊ ਕਾਂਗ ਨੇ ਕਿਹਾ ਕਿ ਓਬੀਓਆਰ ਆਰਥਿਕ ਸਹਿਯੋਗ ਦਾ ਮੰਚ ਹੈ। ਇਸ ਦੇ ਖੇਤਰੀ ਵਿਵਾਦ ਨਾਲ ਕੋਈ ਵਾਸਤਾ ਨਹੀਂ ਹੈ। ਤਰਜ਼ਮਾਨ ਨੇ ਕਿਹਾ ਕਿ ਭਾਰਤ ਦੇ ਸੰਮੇਲਨ 'ਚ ਹਿੱਸਾ ਨਾ ਲੈਣ ਦੇ ਇਰਾਦੇ ਪਿੱਛੇ ਕਈ ਕਾਰਨ ਹਨ। ਇਸ ਮਾਮਲੇ 'ਚ ਸਿਰਫ਼ ਏਨਾ ਹੀ ਕਿਹਾ ਜਾ ਸਕਦਾ ਹੈ ਕਿ ਓਬੀਓਆਰ ਇਕ ਖੁੱਲ੍ਹਾ ਤੇ ਤਾਲਮੇਲ ਵਾਲਾ ਆਰਥਿਕ ਸਹਿਯੋਗ ਅਭਿਆਨ ਹੈ, ਇਸ ਦਾ ਉਦੇਸ਼ ਸ਼ਾਮਲ ਦੇਸ਼ਾਂ ਦਾ ਆਰਥਿਕ ਵਿਕਾਸ ਹੈ। ਇਹ ਹਰ ਤਰ੍ਹਾਂ ਦੇ ਜ਼ਮੀਨੀ ਤੇ ਸਮੁੰਦਰੀ ਸਰਹੱਦੀ ਵਿਵਾਦ ਤੋਂ ਵੱਖਰਾ ਅਭਿਆਨ ਹੈ।