ਯੇਰੂਸ਼ਲਮ (ਏਪੀ) : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਭਿ੍ਸ਼ਟਾਚਾਰ ਨਾਲ ਜੁੜੇ ਮਾਮਲੇ ਵਿਚ ਐਤਵਾਰ ਨੂੰ ਅਦਾਲਤ ਵਿਚ ਪੇਸ਼ ਹੋਣਗੇ। ਉਹ ਅਹੁਦੇ 'ਤੇ ਹੁੰਦਿਆਂ ਟ੍ਰਾਇਲ ਦਾ ਸਾਹਮਣਾ ਕਰਨ ਵਾਲੇ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਹੋਣਗੇ। ਨੇਤਨਯਾਹੂ ਇਸ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਕਾਬਜ਼ ਹਨ।

70 ਸਾਲਾ ਨੇਤਨਯਾਹੂ ਯੇਰੂਸ਼ਲਮ ਦੀ ਜ਼ਿਲ੍ਹਾ ਅਦਾਲਤ ਵਿਚ ਸਖ਼ਤ ਸੁਰੱਖਿਆ ਵਿਚਕਾਰ ਹਾਜ਼ਰ ਹੋਣਗੇ। ਉਨ੍ਹਾਂ 'ਤੇ ਧੋਖਾਧੜੀ, ਰਿਸ਼ਵਤ ਲੈਣ ਅਤੇ ਵਿਸ਼ਵਾਸ ਤੋੜਨ ਦੇ ਦੋਸ਼ ਤੈਅ ਕੀਤੇ ਗਏ ਹਨ। ਨੇਤਨਯਾਹੂ 'ਤੇ ਦੋਸ਼ ਲਗਾਏ ਗਏ ਹਨ ਕਿ ਉਨ੍ਹਾਂ ਨੇ ਆਪਣੇ ਅਮੀਰ ਦੋਸਤਾਂ ਤੋਂ ਮਹਿੰਗੇ ਤੋਹਫ਼ੇ ਲੈਣ ਦੇ ਨਾਲ ਹੀ ਆਪਣੇ ਅਤੇ ਪਰਿਵਾਰ ਦੇ ਪੱਖ ਵਿਚ ਪਸੰਦੀਦਾ ਕਵਰੇਜ ਦੇ ਬਦਲੇ ਮੀਡੀਆ ਘਰਾਣਿਆਂ ਦੇ ਹਿੱਤਾਂ ਵਿਚ ਕੰਮ ਕੀਤਾ। ਉਨ੍ਹਾਂ ਨੇ ਹਾਲਾਂਕਿ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਪੱਖਪਾਤੀ ਐੱਮਪੀਜ਼ ਅਤੇ ਵਿਰੋਧੀ ਮੀਡੀਆ ਉਨ੍ਹਾਂ ਨੂੰ ਸੱਤਾ ਤੋਂ ਬੇਦਖ਼ਲ ਕਰਨ ਦਾ ਯਤਨ ਕਰ ਰਹੇ ਹਨ। ਐੱਮਪੀਜ਼ ਨੇ ਨੇਤਨਯਾਹੂ ਖ਼ਿਲਾਫ਼ ਪਿਛਲੇ ਸਾਲ ਨਵੰਬਰ ਵਿਚ ਦੋਸ਼ ਤੈਅ ਕੀਤੇ ਸਨ।

ਜੱਜਾਂ ਨੇ ਠੁਕਰਾ ਦਿੱਤੀਆਂ ਸਨ ਦਲੀਲਾਂ

ਇਸ ਹਫ਼ਤੇ ਨੇਤਨਯਾਹੂ ਦੇ ਵਕੀਲਾਂ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਐਤਵਾਰ ਨੂੰ ਅਦਾਲਤ ਵਿਚ ਪੇਸ਼ ਹੋਣ ਤੋਂ ਛੋਟ ਦਿੱਤੀ ਜਾਵੇ ਪ੍ਰੰਤੂ ਜੱਜਾਂ ਨੇ ਇਹ ਅਪੀਲ ਖ਼ਾਰਜ ਕਰ ਦਿੱਤੀ ਸੀ। ਨੇਤਨਯਾਹੂ ਵੱਲੋਂ ਇਹ ਵੀ ਦਲੀਲ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਮੌਜੂਦਗੀ ਗ਼ੈਰ-ਜ਼ਰੂਰੀ ਹੈ। ਉਨ੍ਹਾਂ ਦੇ ਆਉਣ ਨਾਲ ਸੁਰੱਖਿਆ ਦਾ ਵੱਡਾ ਪ੍ਰਬੰਧ ਕਰਨਾ ਹੋਵੇਗਾ ਅਤੇ ਇਸ ਨਾਲ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਉਲੰਘਣ ਹੋਵੇਗਾ।