ਕਾਠਮੰਡੂ (ਏਐੱਨਆਈ) : ਨੇਪਾਲ ਨੇ 1947 'ਚ ਨੇਪਾਲ, ਭਾਰਤ ਤੇ ਬਰਤਾਨੀਆ ਵਿਚਾਲੇ ਹੋਏ ਤਿੰਨ ਧਿਰੀ ਸਮਝੌਤੇ ਦੀ ਸਮੀਖਿਆ ਦੀ ਲੋੜ ਦੱਸੀ ਹੈ। ਇਸ ਸਮਝੌਤੇ ਮੁਤਾਬਕ, ਗੋਰਖਾ ਭਾਈਚਾਰੇ ਦੇ ਲੋਕ ਤਿੰਨਾਂ ਦੇਸ਼ਾਂ ਦੀਆਂ ਫ਼ੌਜਾਂ ਵਿਚ ਨੌਕਰੀ ਕਰ ਸਕਦੇ ਹਨ। ਨੇਪਾਲ ਨੇ ਕਿਹਾ ਹੈ ਕਿ ਇਹ ਸਮਝੌਤਾ ਹੁਣ ਬੇਅਸਰ ਹੋ ਗਿਆ ਹੈ, ਇਸ ਲਈ ਤਿੰਨਾਂ ਦੇਸ਼ਾਂ ਨੂੰ ਹੁਣ ਇਸ 'ਤੇ ਨਵੇਂ ਸਿਰੇ ਤੋਂ ਗੱਲਬਾਤ ਕਰਨੀ ਚਾਹੀਦੀ ਹੈ।

ਮੌਜੂਦਾ ਭੂਗੋਲਿਕ-ਰਾਜਨੀਤਕ ਸਥਿਤੀਆਂ ਵਿਚ ਨੇਪਾਲ ਦੀ ਵਿਦੇਸ਼ ਨੀਤੀ ਵਿਸ਼ੇ 'ਤੇ ਕਰਵਾਈ ਚਰਚਾ ਵਿਚ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਕੁਮਾਰ ਗਿਆਵਲੀ ਨੇ ਸਮਝੌਤੇ 'ਚ ਸ਼ਾਮਲ ਭਾਰਤ ਅਤੇ ਬਰਤਾਨੀਆ ਦੇ ਗੋਰਖਿਆਂ ਦੇ ਮਸਲੇ 'ਤੇ ਗੱਲਬਾਤ ਦੀ ਲੋੜ ਦੱਸੀ। ਗਿਆਵਲੀ ਨੇ ਕਿਹਾ, ਭਾਰਤ ਅਤੇ ਬਰਤਾਨੀਆ ਦੀਆਂ ਫ਼ੌਜਾਂ ਵਿਚ ਗੋਰਖਾ ਫ਼ੌਜੀਆਂ ਦੀ ਭਰਤੀ ਪੁਰਾਣੀ ਵਿਵਸਥਾ ਦੇ ਹਿਸਾਬ ਨਾਲ ਹੁੰਦੀ ਹੈ। ਇਸ ਨਾਲ ਜੁੜੇ ਕਈ ਬਿੰਦੂ ਹਨ। ਕਿਸੇ ਸਮੇਂ ਇਹ ਨੇਪਾਲ ਦੇ ਨੌਜਵਾਨਾਂ ਲਈ ਵਿਦੇਸ਼ ਜਾਣ ਦਾ ਮੌਕਾ ਹੁੰਦੀ ਸੀ। ਇਸ ਕਾਰਨ ਇਕ ਸਮੇਂ ਕਾਫ਼ੀ ਲੋਕਾਂ ਨੂੰ ਨੌਕਰੀ ਮਿਲਦੀ ਸੀ ਪਰ ਵਰਤਮਾਨ ਵਿਚ ਇਸ ਸਮਝੌਤੇ ਦੀਆਂ ਕਈ ਤਜਵੀਜ਼ਾਂ ਨੂੰ ਲੈ ਕੇ ਸਵਾਲ ਹਨ। ਇਸ ਲਈ ਹੁਣ ਅਸੀਂ ਇਸ ਸਮਝੌਤੇ ਦੇ ਇਤਰਾਜ਼ਯੋਗ ਪਹਿਲੂਆਂ 'ਤੇ ਚਰਚਾ ਕਰਨਾ ਚਾਹੁੰਦੇ ਹਾਂ। ਵਿਦੇਸ਼ ਮੰਤਰੀ ਗਿਆਵਲੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ 2019 ਦੀ ਆਪਣੀ ਅਧਿਕਾਰਤ ਬਰਤਾਨੀਆ ਯਾਤਰਾ ਦੌਰਾਨ ਤੱਤਕਾਲੀ ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ਨਾਲ ਮੁਲਾਕਾਤ ਵਿਚ ਇਹ ਮਸਲਾ ਉਠਾਇਆ ਸੀ ਅਤੇ ਨਵੇਂ ਸਿਰੇ ਤੋਂ ਗੱਲਬਾਤ ਦੀ ਲੋੜ ਪ੍ਰਗਟਾਈ ਸੀ। ਵਿਦੇਸ਼ ਨੀਤੀ 'ਤੇ ਚਰਚਾ ਨੇਪਾਲ ਇੰਸਟੀਚਿਊਟ ਆਫ ਇੰਟਰਨੈਸ਼ਨਲ ਰਿਲੇਸ਼ਨਸ ਨੇ ਕੀਤੀ ਸੀ।

ਨੇਪਾਲ, ਭਾਰਤ ਤੇ ਬਰਤਾਨੀਆ ਵਿਚਾਲੇ 1947 ਵਿਚ ਹੋਏ ਸਮਝੌਤੇ 'ਚ ਭਾਰਤ ਤੇ ਬਰਤਾਨੀਆ ਦੀਆਂ ਫ਼ੌਜਾਂ ਵਿਚ ਵੀ ਨੇਪਾਲ ਗੋਰਖਿਆਂ ਨੂੰ ਭਰਤੀ ਕਰਨ ਦੀ ਸਹਿਮਤੀ ਬਣੀ ਸੀ। ਸਮਝੌਤੇ ਤਹਿਤ ਗੋਰਖਾ ਫ਼ੌਜੀਆਂ ਨੂੰ ਦੋਵੇਂ ਫ਼ੌਜਾਂ ਵਿਚ ਭਾਰਤੀ ਅਤੇ ਬਰਤਾਨਵੀ ਫ਼ੌਜੀਆਂ ਦੀ ਤਰ੍ਹਾਂ ਹੀ ਤਨਖ਼ਾਹ, ਭੱਤੇ, ਸਹੂਲਤਾਂ ਅਤੇ ਪੈਨਸ਼ਨ ਦਿੱਤੀ ਜਾਂਦੀ ਹੈ ਪਰ ਬਾਅਦ ਵਿਚ ਕੁਝ ਸੇਵਾਮੁਕਤ ਗੋਰਖਾ ਫ਼ੌਜੀਆਂ ਨੇ ਕਿਹਾ ਕਿ ਉਨ੍ਹਾਂ ਨਾਲ ਵਿਤਕਰਾ ਹੁੰਦਾ ਹੈ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਭੱਤਿਆਂ ਵਿਚ ਕਟੌਤੀ ਹੁੰਦੀ ਹੈ। 1947 'ਚ ਹੋਇਆ ਸਮਝੌਤਾ ਵਿਤਕਰੇ ਵਾਲਾ ਹੈ।