ਕਾਠਮੰਡੂ : ਨੇਪਾਲ ਸਰਕਾਰ ਨੇ ਐਤਵਾਰ ਨੂੰ ਭਾਰਤੀ ਮੂਲ ਦੇ ਅੱਠ ਲੋਕਾਂ ਦੀ ਨਾਗਰਿਕਤਾ ਖ਼ਤਮ ਕਰ ਦਿੱਤੀ। ਦੋਸ਼ ਹੈ ਕਿ ਇਨ੍ਹਾਂ ਨੇ ਜਾਅਲੀ ਦਸਤਾਵੇਜ਼ ਦੇ ਆਧਾਰ 'ਤੇ ਉੱਥੋਂ ਦੀ ਨਾਗਰਿਕਤਾ ਹਾਸਲ ਕੀਤੀ ਸੀ। ਨਾਗਰਿਕਤਾ ਖ਼ਤਮ ਕਰਨ ਦਾ ਫ਼ੈਸਲਾ ਕੈਬਨਿਟ ਦੀ ਬੈਠਕ 'ਚ ਲਿਆ ਗਿਆ।

ਜਿਨ੍ਹਾਂ ਅੱਠ ਲੋਕਾਂ ਦੀ ਨਾਗਰਿਕਤਾ ਖ਼ਤਮ ਕੀਤੀ ਗਈ ਹੈ, ਉਨ੍ਹਾਂ ਦੀ ਪਛਾਣ ਅਸ਼ੋਕ ਸ਼ਾਹ, ਬਿੰਦੇ ਮਹਿਤੋ, ਰਾਜੇਂਤਰ ਮਹਿਤੋ, ਦਾਨਾਦੇਵੀ ਮਹਿਤੋ, ਸੁਸ਼ੀਲ ਮਹਿਤੋ, ਰਾਜੇਸ਼ਵਰ ਮਹਿਤੋ, ਰਾਮਕਿਸ਼ੋਰ ਮਹਿਤੋ ਤੇ ਰਾਜਕੁਮਾਰ ਮਹਿਤੋ ਦੇ ਰੂਪ 'ਚ ਕੀਤੀ ਗਈ ਹੈ। ਇਸੇ ਦੌਰਾਨ ਰਾਸ਼ਟਰੀ ਜਨਤਾ ਪਾਰਟੀ-ਨੇਪਾਲ (ਆਰਜੇਪੀ-ਐੱਨ) ਦੇ ਜਨਰਲ ਸਕੱਤਰ ਰਾਕੇਸ਼ ਮਿਸ਼ਰਾ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਤਰ੍ਹਾਂ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਮਾਮਲੇ ਦੀ ਠੀਕ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਇਨ੍ਹਾਂ ਲੋਕਾਂ ਨੂੰ ਨਾਗਰਿਕਤਾ ਸਰਟੀਫਿਕੇਟ ਦਿੰਦਿਆਂ ਸਰਕਾਰ ਨੇ ਪੂਰੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਹੋਵੇਗੀ। ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਸਜ਼ਾ ਦਿੱਤੇ ਬਗ਼ੈਰ ਇਨ੍ਹਾਂ ਲੋਕਾਂ ਦੀ ਨਾਗਰਿਕਤਾ ਖ਼ਤਮ ਕਰਨਾ ਕਾਨੂੰਨ ਦਾ ਮਾਖੌਲ ਉਡਾਉਣ ਤੋਂ ਸਿਵਾ ਕੁਝ ਨਹੀਂ ਹੈ।