ਕੀਵ (ਰਾਇਟਰ) : ਨਾਟੋ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ 'ਚ ਸਾਲਾਂ ਤਕ ਜੰਗ ਚੱਲ ਸਕਦੀ ਹੈ। ਜੇਕਰ ਦੇਸ਼ ਦੇ ਪੂਰਬੀ ਹਿੱਸੇ 'ਤੇ ਯੂਕਰੇਨ ਦਾ ਕਬਜ਼ਾ ਬਰਕਰਾਰ ਰੱਖਣਾ ਹੈ ਤਾਂ ਸਹਿਯੋਗੀ ਦੇਸ਼ਾਂ ਨੂੰ ਉਸ ਦੀ ਮਦਦ ਬਣਾਈ ਰੱਖਣੀ ਪਵੇਗੀ। ਇਹ ਗੱਲ ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟੇਨਬਰਗ ਨੇ ਕਹੀ ਹੈ।

ਨਾਟੋ ਮੁਖੀ ਨੇ ਕਿਹਾ, ਯੂਕਰੇਨੀ ਫ਼ੌਜ ਨੂੰ ਅਤਿਆਧੁਨਿਕ ਹਥਿਆਰ ਦੇ ਕੇ ਹੀ ਪੂਰਬੀ ਯੂਕਰੇਨ ਦਾ ਡੋਨਬਾਸ (ਲੁਹਾਂਸਕ ਤੇ ਡੋਨੈਸਕ) ਇਲਾਕਾ ਰੂਸੀ ਫ਼ੌਜ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ। ਡੋਨਬਾਸ ਦੇ ਇਕ ਹਿੱਸੇ 'ਤੇ ਰੂਸ ਹਮਾਇਤੀ ਲੜਾਕਿਆਂ ਨੇ 2014 'ਚ ਕਬਜ਼ਾ ਕਰ ਲਿਆ ਸੀ। ਇਸ ਜੰਗ 'ਚ ਦੋਵੇਂ ਸੂਬਿਆਂ ਦੇ ਜ਼ਿਆਦਾਤਰ ਹਿੱਸੇ 'ਤੇ ਰੂਸੀ ਫ਼ੌਜ ਕਬਜ਼ਾ ਕਰ ਚੁੱਕੀ ਹੈ। ਇਕ ਅਖ਼ਬਾਰ ਨਾਲ ਇੰਟਰਵਿਊ 'ਚ ਸਟੋਲਟੇਨਬਰਗ ਨੇ ਕਿਹਾ, ਕੀਵ 'ਤੇ ਕਬਜ਼ੇ 'ਚ ਅਸਫਲ ਰਹਿਣ ਤੋਂ ਬਾਅਦ ਰੂਸੀ ਫ਼ੌਜ ਨੇ ਡੋਨਬਾਸ 'ਤੇ ਧਿਆਨ ਕੇਂਦਰਿਤ ਕੀਤਾ ਹੈ। ਹੁਣ ਉਸ ਇਲਾਕੇ 'ਤੇ ਮੁੜ ਤੋਂ ਕਬਜ਼ਾ ਕਰਨ 'ਚ ਯੂਕਰੇਨ ਨੂੰ ਕਈ ਸਾਲ ਲੱਗ ਸਕਦੇ ਹਨ ਤੇ ਇਸ ਕੰਮ 'ਚ ਉਸ ਨੂੰ ਮਿੱਤਰ ਦੇਸ਼ਾਂ ਦੇ ਸਹਿਯੋਗ ਦੀ ਲੋੜ ਹੋਵੇਗੀ। ਪਰ ਇਸ 'ਚ ਵੱਡੀ ਧਨਰਾਸ਼ੀ ਖ਼ਰਚ ਹੋਵੇਗੀ। ਮਦਦ ਦੇ ਤੌਰ 'ਤੇ ਅਤਿਆਧੁਨਿਕ ਹਥਿਆਰ ਦੇਣੇ ਪੈਣਗੇ, ਦੁਨੀਆ 'ਚ ਊਰਜਾ ਪੈਦਾ ਕਰਨ ਵਾਲੇ ਉਤਪਾਦਾਂ ਦੇ ਮੁੱਲ ਵਧਣਗੇ ਤੇ ਅਨਾਜ ਮਹਿੰਗਾ ਹੋਵੇਗਾ।

ਸ਼ੁੱਕਰਵਾਰ ਨੂੰ ਯੂਕਰੇਨ ਦੀ ਯਾਤਰਾ ਕਰ ਚੁੱਕੇ ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਯੂਕਰੇਨ ਨੂੰ ਲੰਬੇ ਸਮੇਂ ਤਕ ਮਦਦ ਦੀ ਜ਼ਰੂਰਤ ਦੱਸੀ ਹੈ। ਉਨ੍ਹਾਂ ਯੂਕਰੇਨੀ ਫ਼ੌਜ ਨੂੰ ਸਿਖਲਾਈ ਦੇਣ ਦਾ ਪ੍ਰਸਵਾਤ ਵੀ ਰੱਖਿਆ। ਕਿਹਾ, ਟੀਚਿਆਂ ਦੀ ਪ੍ਰਰਾਪਤੀ ਲਈ ਯੂਕਰੇਨ ਨੂੰ ਜੰਗ 'ਚ ਥੱਕਣਾ ਨਹੀਂ ਹੈ। ਯੂਕਰੇਨ ਨੂੰ ਜੰਗ ਲੜਨ ਦੇ ਨਾਲ ਹੀ ਦੇਸ਼ ਦਾ ਮੁੜ ਨਿਰਮਾਣ ਵੀ ਕਰਨਾ ਪਵੇਗਾ। ਸਭ ਕੁਝ ਯੂਕਰੇਨ ਦੀ ਸਮਰੱਥਾ 'ਤੇ ਨਿਰਭਰ ਕਰੇਗਾ। ਜਦਕਿ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਕਿਹਾ ਕਿ ਉਹ ਦੇਸ਼ ਦੀ ਫ਼ੌਜ, ਪੁਲਿਸ ਤੇ ਨੈਸ਼ਨਲ ਗਾਰਡ ਨਾਲ ਲਗਾਤਾਰ ਮਿਲ ਰਹੇ ਹਨ। ਉਨ੍ਹਾਂ ਦਾ ਮੂਡ ਦੇਖ ਰਹੇ ਹਨ। ਉਹ ਹੌਸਲੇ ਨਾਲ ਭਰੇ ਹੋਏ ਹਨ, ਇਸ ਲਈ ਸਾਨੂੰ ਜੰਗ 'ਚ ਜਿੱਤ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ। ਅਸੀਂ ਆਪਣੀ ਖੁੱਸ ਚੁੱਕੀ ਜ਼ਮੀਨ ਮੁੜ ਤੋਂ ਪ੍ਰਰਾਪਤ ਕਰਾਂਗੇ।

ਸੀਵਿਰੋਡੋਨੈਸਕ ਦੇ ਜ਼ਿਆਦਾਤਰ ਇਲਾਕਿਆਂ 'ਤੇ ਰੂਸ ਦਾ ਕਬਜ਼ਾ

ਲੁਹਾਂਸਕ ਸੂਬੇ 'ਤੇ ਪੂਰੇ ਕੰਟਰੋਲ ਲਈ ਰੂਸੀ ਫ਼ੌਜ ਨੇ ਸੀਵਿਰੋਡੋਨੈਸਕ 'ਤੇ ਇਕ ਦਿਨ ਬਾਅਦ ਮੁੜ ਤੋਂ ਹਮਲੇ ਤੇਜ਼ ਕਰ ਦਿੱਤੇ। ਰੂਸੀ ਫ਼ੌਜ ਨੇ ਐਤਵਾਰ ਨੂੰ ਉੱਥੇ ਭਿਆਨਕ ਗੋਲ਼ਾਬਾਰੀ ਤੇ ਰਾਕਟ ਹਮਲੇ ਕੀਤੇ। ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਘੇਰ ਚੁੱਕੀ ਰੂਸੀ ਫ਼ੌਜ ਕੁਝ ਇਲਾਕਿਆਂ 'ਚ ਅੱਗੇ ਵਧੀ ਹੈ। ਗਵਰਨਰ ਸੇਰਹੀ ਗੈਦਾਈ ਨੇ ਮੰਨਿਆ ਹੈ ਕਿ ਸ਼ਹਿਰ ਦੇ ਮੁੱਖ ਇਲਾਕੇ ਰੂਸੀ ਫ਼ੌਜ ਦੇ ਕਬਜ਼ੇ 'ਚ ਚਲੇ ਗਏ ਹਨ। ਗੁਆਂਢੀ ਸ਼ਹਿਰ ਲਿਸਿਚਾਂਸਕ 'ਚ ਰੂਸੀ ਹਮਲਿਆਂ ਨਾਲ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਹਨ। ਰੂਸੀ ਫ਼ੌਜ ਇਕ ਵਾਰ ਮੁੜ ਖਾਰਕੀਵ 'ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਹੀ ਹੈ।