ਬਰੱਸਲਜ਼ (ਆਈਏਐੱਨਐੱਸ) : ਉੱਤਰੀ ਐਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਇਰਾਕ ਵਿਚ ਆਪਣੀਆਂ ਸਰਗਰਮੀਆਂ ਨੂੰ ਫਿਰ ਵਧਾਉਣ ਦਾ ਫ਼ੈਸਲਾ ਲਿਆ ਹੈ। ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੁੱਧਵਾਰ ਨੂੰ ਇਥੇ ਹੋਈ ਮੀਟਿੰਗ ਪਿੱਛੋਂ ਸੰਗਠਨ ਦੇ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਨੇ ਕਿਹਾ ਕਿ ਇਰਾਕੀ ਫ਼ੌਜਾਂ ਨੂੰ ਸਿਖਲਾਈ ਦੇਣ ਦਾ ਕੰਮ ਵੀ ਜਾਰੀ ਰੱਖਿਆ ਜਾਏਗਾ। 29 ਦੇਸ਼ਾਂ ਦੇ ਇਸ ਫ਼ੌਜੀ ਸੰਗਠਨ ਦੀ ਮੀਟਿੰਗ ਵਿਚ ਤੈਅ ਕੀਤਾ ਗਿਆ ਕਿ ਇਰਾਕ 'ਚ ਅੱਤਵਾਦੀ ਜਮਾਤ ਆਈਐੱਸ ਖ਼ਿਲਾਫ਼ ਜੰਗ ਲੜ ਰਹੀ ਅਮਰੀਕੀ ਅਗਵਾਈ ਵਾਲੀ ਗੱਠਜੋੜ ਫ਼ੌਜ 'ਤੇ ਦਬਾਅ ਘੱਟ ਕਰਨ ਲਈ ਨਾਟੋ ਫ਼ੌਜ ਆਪਣੀ ਮੁਹਿੰਮ ਵਿਚ ਤੇਜ਼ੀ ਲਿਆਏਗੀ।

ਤਿੰਨ ਜਨਵਰੀ ਨੂੰ ਅਮਰੀਕੀ ਫ਼ੌਜ ਦੇ ਹਮਲੇ ਵਿਚ ਈਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਪਿੱਛੋਂ ਨਾਟੋ ਮੈਂਬਰਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਇਰਾਕ ਵਿਚ ਤਾਇਨਾਤ ਆਪਣੇ ਜ਼ਿਆਦਾਤਰ ਫ਼ੌਜੀਆਂ ਨੂੰ ਵਾਪਸ ਬੁਲਾ ਲਿਆ ਸੀ। ਬਗ਼ਦਾਦ ਵਿਚ ਡਰੋਨ ਹਮਲੇ ਪਿੱਛੋਂ ਅਮਰੀਕਾ ਦਾ ਈਰਾਨ ਦੇ ਇਲਾਵਾ ਇਰਾਕ ਨਾਲ ਵੀ ਤਣਾਅ ਵੱਧ ਗਿਆ ਸੀ।