ਯੰਗੂਨ (ਆਈਏਐੱਨਐੱਸ) : ਮਿਆਂਮਾਰ ਨੇ ਕਿਹਾ ਹੈ ਕਿ ਉਹ ਦੋ ਸਾਲ ਪਹਿਲਾਂ ਦੇਸ਼ ਤੋਂ ਹਿਜਰਤ ਕਰ ਕੇ ਬੰਗਲਾਦੇਸ਼ ਗਏ 3600 ਤੋਂ ਵੱਧ ਰੋਹਿੰਗਿਆ ਸ਼ਰਨਾਰਥੀਆਂ ਨੂੰ ਵਾਪਸ ਲੈਣ ਲਈ ਤਿਆਰ ਹੈ। ਮਿਆਂਮਾਰ ਦੇ ਵਿਦੇਸ਼ ਮੰਤਰਾਲੇ ਨਾਲ ਜੁੜੇ ਸਿਖ਼ਰਲੇ ਅਧਿਕਾਰੀ ਯੂ ਚਾਨ ਆਏ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ, ਅਸੀਂ ਸ਼ਰਨਾਰਥੀਆਂ ਦੀ ਵਤਨ ਵਾਪਸੀ ਦੀ ਪ੍ਰਕਿਰਿਆ 22 ਅਗਸਤ ਤੋਂ ਸ਼ੁਰੂ ਕਰਨ ਲਈ ਤਿਆਰ ਹਾਂ। ਬਸ ਸਾਨੂੰ ਬੰਗਲਾਦੇਸ਼ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਹੈ। ਮਿਆਂਮਾਰ ਵੱਲੋਂ ਡੇਢ ਸਾਲ ਪਹਿਲਾਂ ਵੀ ਬੰਗਲਾਦੇਸ਼ ਤੋਂ ਰੋਹਿੰਗਿਆ ਸ਼ਰਨਾਰਥੀਆਂ ਨੂੰ ਵਾਪਸ ਲਿਆਉਣ ਦੀ ਕਵਾਇਦ ਕੀਤੀ ਗਈ ਸੀ। ਪਰ ਸੁਰੱਖਿਆ ਦਾ ਹਵਾਲਾ ਦਿੰਦਿਆਂ ਸ਼ਰਨਾਰਥੀਆਂ ਨੇ ਮਿਆਂਮਾਰ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਬੰਗਲਾਦੇਸ਼ ਦੇ ਤੱਟੀ ਸ਼ਹਿਰ ਕਾਕਸ ਬਾਜ਼ਾਰ ਦੇ ਸ਼ਰਨਾਰਥੀ ਕੈਂਪਾਂ 'ਚ ਫਿਲਹਾਲ 10 ਲੱਖ ਤੋਂ ਜ਼ਿਆਦਾ ਰੋਹਿੰਗਿਆ ਮੁਸਲਮਾਨ ਰਹਿ ਰਹੇ ਹਨ। ਦੋ ਸਾਲ ਪਹਿਲਾਂ ਮਿਆਂਮਾਰ ਦੇ ਰਖਾਈਨ ਸੂਬੇ 'ਚ ਫ਼ੌਜ ਦੀ ਕਾਰਵਾਈ ਤੋਂ ਬਚਣ ਲਈ ਉਹ ਭੱਜ ਕੇ ਗੁਆਂਢੀ ਦੇਸ਼ ਆ ਗਏ ਸਨ। ਸੰਯੁਕਤ ਰਾਸ਼ਟਰ (ਯੂਐੱਨ) ਨੇ ਮਿਆਂਮਾਰ ਦੀ ਫ਼ੌਜ ਦੀ ਇਸ ਕਾਰਵਾਈ ਨੂੰ ਨਸਲੀ ਹਿੰਸਾ ਕਰਾਰ ਦਿੱਤਾ ਸੀ।