ਮੈਡਿ੍ਡ (ਏਜੰਸੀਆਂ) : ਕੋਰੋਨਾ ਵਾਇਰਸ ਦੇ ਕਹਿਰ ਨਾਲ ਯੂਰਪ ਵਿਚ ਇਟਲੀ ਪਿੱਛੋਂ ਸਪੇਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਦੇਸ਼ ਵਿਚ ਬੀਤੇ 24 ਘੰਟਿਆਂ ਵਿਚ 655 ਹੋਰ ਕੋਰੋਨਾ ਪੀੜਤਾਂ ਨੇ ਦਮ ਤੋੜ ਦਿੱਤਾ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਚਾਰ ਹਜ਼ਾਰ ਤੋਂ ਪਾਰ ਪੁੱਜ ਗਈ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ ਨੇ ਕਿਹਾ ਹੈ ਕਿ 1936 ਤੋਂ 1939 ਤਕ ਚੱਲੇ ਗ੍ਰਹਿ ਯੁੱਧ ਪਿੱਛੋਂ ਦੇਸ਼ ਲਈ ਇਹ ਸਭ ਤੋਂ ਵੱਡੀ ਮੁਸ਼ਕਲ ਘੜੀ ਹੈ। ਪੈਡਰੋ ਦੀ ਪਤਨੀ ਵੀ ਕੋਰੋਨਾ ਤੋਂ ਪੀੜਤ ਪਾਈ ਗਈ ਹੈ।

ਸਪੇਨ ਦੀ ਸੰਸਦ ਤੋਂ 12 ਅਪ੍ਰੈਲ ਤਕ ਐਮਰਜੈਂਸੀ ਵਧਾਉਣ ਦੇ ਪ੍ਰਸਤਾਵ 'ਤੇ ਮੋਹਰ ਲੱਗਣ ਪਿੱਛੋਂ ਦੇਸ਼ ਵਿਚ ਵੀਰਵਾਰ ਨੂੰ ਲਾਕਡਾਊਨ ਦਾ ਦਾਇਰਾ ਵੀ ਵਧਾ ਦਿੱਤਾ ਗਿਆ। ਜ਼ਰੂਰੀ ਕੰਮਾਂ ਨੂੰ ਛੱਡ ਕੇ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਹਿਦਾਇਤ ਦਿੱਤੀ ਗਈ ਹੈ। ਸਪੇਨ ਵਿਚ 14 ਮਾਰਚ ਨੂੰ 15 ਦਿਨਾਂ ਲਈ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ। ਯੂਰਪ ਵਿਚ ਇਟਲੀ ਪਿੱਛੋਂ ਸਭ ਤੋਂ ਜ਼ਿਆਦਾ ਮੌਤਾਂ ਸਪੇਨ ਵਿਚ ਹੋ ਰਹੀਆਂ ਹਨ। ਇਟਲੀ ਵਿਚ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਸਾਢੇ ਸੱਤ ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ।

ਫਰਾਂਸੀਸੀ ਰਾਸ਼ਟਰਪਤੀ ਨੇ ਕੀਤਾ ਜੰਗ ਦਾ ਐਲਾਨ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ 'ਅਦਿ੍ਸ਼ ਦੁਸ਼ਮਣ' ਖ਼ਿਲਾਫ਼ ਜੰਗ ਦਾ ਐਲਾਨ ਕੀਤਾ ਹੈ। ਮੈਕਰੋਨ ਨੇ ਕਿਹਾ ਕਿ ਅਸੀਂ ਜੰਗ ਵਿਚ ਹਾਂ ਅਤੇ ਮਹਾਮਾਰੀ ਦਾ ਸਾਹਮਣਾ ਕਰ ਰਹੇ ਹਾਂ। ਇਸ ਲਈ ਮੈਂ ਫ਼ੌਜੀ ਆਪ੍ਰਰੇਸ਼ਨ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਫਰਾਂਸ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 25 ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 1,300 ਤੋਂ ਜ਼ਿਆਦਾ ਦੀ ਜਾਨ ਜਾ ਚੁੱਕੀ ਹੈ।

ਗ੍ਰੀਸ 'ਚ ਮੁਸਲਿਮ ਆਬਾਦੀ ਵਾਲੇ ਇਲਾਕੇ ਲਾਕਡਾਊਨ

ਗ੍ਰੀਸ ਦੇ ਕਈ ਸ਼ਹਿਰਾਂ ਵਿਚ ਮੁਸਲਿਮ ਆਬਾਦੀ ਵਾਲੇ ਇਲਾਕਿਆਂ ਨੂੰ ਲਾਕਡਾਊਨ ਕਰ ਦਿੱਤਾ ਗਿਆ ਹੈ। ਇਹ ਕਦਮ ਇਨ੍ਹਾਂ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੇ ਕਈ ਮਾਮਲੇ ਪਾਏ ਜਾਣ ਅਤੇ ਇਕ ਮੌਤ ਦੇ ਬਾਅਦ ਚੁੱਕਿਆ ਗਿਆ।

ਈਰਾਨ ਦੇ ਸ਼ਹਿਰਾਂ 'ਚ ਆਵਾਜਾਈ 'ਤੇ ਰੋਕ

ਕੋਰੋਨਾ ਮਹਾਮਾਰੀ 'ਤੇ ਰੋਕ ਲਗਾਉਣ ਦੇ ਯਤਨ ਵਿਚ ਈਰਾਨ ਨੇ ਸ਼ਹਿਰਾਂ ਵਿਚ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਇਸ ਦੇ ਇਲਾਵਾ ਸਾਰੇ ਸਰਕਾਰੀ ਅਤੇ ਗ਼ੈਰ-ਸਰਕਾਰੀ ਇਕੱਠਾਂ 'ਤੇ ਰੋਕ ਲਗਾਉਣ ਸਣੇ ਕਈ ਸਖ਼ਤ ਕਦਮਾਂ ਦਾ ਵੀ ਐਲਾਨ ਕੀਤਾ ਗਿਆ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ 157 ਹੋਰ ਲੋਕਾਂ ਦੀ ਮੌਤ ਹੋ ਗਈ ਅਤੇ 2,389 ਨਵੇਂ ਮਾਮਲੇ ਸਾਹਮਣੇ ਆਏ ਹਨ।

ਚੀਨ 'ਚ ਅੱਠ ਦਿਨਾਂ 'ਚ ਛੇਵੀਂ ਵਾਰ ਨਹੀਂ ਆਇਆ ਨਵਾਂ ਮਾਮਲਾ

ਚੀਨ ਵਿਚ ਪਿਛਲੇ ਅੱਠ ਦਿਨਾਂ ਵਿਚ ਛੇਵੀਂ ਵਾਰ ਸਥਾਨਕ ਪੱਧਰ 'ਤੇ ਇਨਫੈਕਸ਼ਨ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਪ੍ਰੰਤੂ ਛੇ ਪੀੜਤਾਂ ਦੀ ਮੌਤ ਹੋਈ। ਦੇਸ਼ ਵਿਚ 67 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਪ੍ਰੰਤੂ ਉਹ ਸਾਰੇ ਵਿਦੇਸ਼ ਤੋਂ ਆਏ ਲੋਕ ਹਨ। ਕੋਰੋਨਾ ਵਾਇਰਸ ਦੇ ਕਹਿਰ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਮੱਧ ਚੀਨ ਦੇ ਹੁਬੇਈ ਸੂਬੇ ਦੀਆਂ ਸਰਹੱਦਾਂ ਖੋਲ੍ਹ ਦਿੱਤੀਆਂ ਗਈਆਂ ਹਨ। ਇਸ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਹੀ ਕੋਰੋਨਾ ਵਾਇਰਸ ਫੈਲਿਆ ਸੀ।

ਸਿੰਗਾਪੁਰ 'ਚ ਤਿੰਨ ਸਾਲਾ ਭਾਰਤੀ ਲੜਕੀ ਵੀ ਪ੍ਰਭਾਵਿਤ

ਸਿੰਗਾਪੁਰ ਵਿਚ ਤਿੰਨ ਸਾਲ ਦੀ ਭਾਰਤੀ ਕੁੜੀ ਵੀ ਕੋਰੋਨਾ ਦੀ ਲਪੇਟ ਵਿਚ ਆ ਗਈ ਹੈ। ਸਿੰਗਾਪੁਰ ਵਿਚ 73 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਿੰਗਾਪੁਰ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧ ਕੇ 631 ਹੋ ਗਈ ਹੈ। ਹੁਣ ਤਕ ਦੋ ਪੀੜਤਾਂ ਦੀ ਮੌਤ ਹੋਈ ਹੈ।

ਵੀਅਤਨਾਮ 'ਚ ਵਿਦੇਸ਼ ਤੋਂ ਆਏ ਲੋਕ ਕੁਆਰੰਟਾਈਨ 'ਚ

ਵੀਅਤਨਾਮ ਨੇ ਯੂਰਪ ਅਤੇ ਅਮਰੀਕਾ ਤੋਂ ਪਰਤੇ ਹਜ਼ਾਰਾਂ ਨਾਗਰਿਕਾਂ ਨੂੰ ਫ਼ੌਜੀ ਕੁਆਰੰਟਾਈਨ ਵਿਚ ਰੱਖਿਆ ਹੈ। ਇਸ ਤਰ੍ਹਾਂ ਦੇ ਕੈਂਪ ਵਿਚ ਰੱਖ ਗਏ ਲੋਕਾਂ ਦੀ ਗਿਣਤੀ ਕਰੀਬ 45 ਹਜ਼ਾਰ ਦੱਸੀ ਜਾ ਰਹੀ ਹੈ। ਦੂਜੇ ਗੁਆਂਢੀ ਦੇਸ਼ਾਂ ਦੇ ਮੁਕਾਬਲੇ ਵੀਅਤਨਾਮ ਵਿਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਘੱਟ ਹੈ।

ਸਭ ਤੋਂ ਪ੍ਰਭਾਵਿਤ ਦੇਸ਼

ਦੇਸ਼ ਮੌਤਾਂ ਪ੍ਰਭਾਵਿਤ

ਇਟਲੀ 7,503 74,386

ਸਪੇਨ 4,089 56,188

ਚੀਨ 3,287 81,285

ਈਰਾਨ 2,234 29,406

ਫਰਾਂਸ 1,331 25,233

ਅਮਰੀਕਾ 1,037 68,814

ਬਿ੍ਟੇਨ 465 9,529

ਜਰਮਨੀ 224 39,572

ਸਵਿਟਜ਼ਰਲੈਂਡ171 11,316

ਦੱਖਣੀ ਕੋਰੀਆ 131 9,241