ਮਾਸਕੋ (ਪੀਟੀਆਈ) : ਜੀ-20 ਦੇਸ਼ਾਂ ਦੀ ਅੱਜ ਹੋਣ ਵਾਲੀ ਵਰਚੁਅਲ ਐਮਰਜੈਂਸੀ ਬੈਠਕ ਤੋਂ ਪਹਿਲਾਂ ਬੁੱਧਵਾਰ ਨੂੰ ਰੁਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਹਾਲਾਤ 'ਤੇ ਵਿਚਾਰ ਚਰਚਾ ਕੀਤੀ। ਕ੍ਰੇਮਲਿਨ ਤੋਂ ਜਾਰੀ ਇਕ ਬਿਆਨ ਮੁਤਾਬਕ, ਰੂਸ-ਭਾਰਤ ਦੀ ਰਣਨੀਤਿਕ ਹਿੱਸੇਦਾਰੀ ਤਹਿਤ ਜਾਰੀ ਗੁਪਤ ਗੱਲਬਾਤ ਦੇ ਕ੍ਰਮ 'ਚ ਵਲਾਦੀਮਿਰ ਪੁਤਿਨ ਤੇ ਨਰਿੰਦਰ ਮੋਦੀ ਨੇ ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਦੋਵੇਂ ਦੇਸ਼ਾਂ 'ਚ ਸ਼ੁਰੂ ਕੀਤੇ ਗਏ ਉਪਾਵਾਂ ਬਾਰੇ ਇਕ ਦੂਜੇ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਭਾਰਤ 'ਚ ਰੂਸੀ ਨਾਗਰਿਕਾਂ ਤੇ ਰੂਸ 'ਚ ਭਾਰਤੀ ਨਾਗਰਿਕਾਂ ਦੇ ਸਿਹਤ ਤੇ ਸੁਰੱਖਿਆ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਦੋਵੇਂ ਆਗੂਆਂ ਨੇ ਇਕ-ਦੂਜੇ ਦੀ ਸ਼ਲਾਘਾ ਕੀਤੀ। ਦੋਵੇਂ ਆਗੂਆਂ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ 'ਚ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਸਹਿਮਤੀ ਵੀ ਪ੍ਰਗਟ ਕੀਤੀ। ਜ਼ਿਕਰਯੋਗ ਹੈ ਕਿ ਸਾਊਦੀ ਅਰਬ ਇਸ ਵੇਲੇ ਜੀ-20 ਦਾ ਪ੍ਰਧਾਨ ਹੈ।

Posted By: Rajnish Kaur