ਕੁਆਲਾਲੰਪੁਰ (ਏਜੰਸੀ) : ਦੂਜੇ ਧਰਮਾਂ ਪ੍ਰਤੀ ਨਫ਼ਰਤ ਫੈਲਾਉਣ ਵਾਲੇ ਵਿਵਾਦਤ ਮੁਸਲਿਮ ਧਰਮ ਪ੍ਰਚਾਰਕ ਜ਼ਾਕਿਰ ਨਾਈਕ ਨੂੰ ਮਲੇਸ਼ੀਆ 'ਚ ਰਹਿਣ ਵਾਲੇ ਹਿੰਦੂਆਂ ਦੀ ਨਿਸ਼ਠਾ 'ਤੇ ਸਵਾਲ ਉਠਾਉਣਾ ਮਹਿੰਗਾ ਪੈ ਸਕਦਾ ਹੈ। ਮਲੇਸ਼ੀਆ ਦੇ ਮਨੁੱਖੀ ਵਸੀਲਾ ਮੰਤਰੀ ਐੱਮ ਕੁਲਾਸੇਗਰਨ ਨੇ ਜ਼ਾਕਿਰ ਨਾਈਕ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕਰਦੇ ਹੋਏ ਉਸ ਨੂੰ ਭਾਰਤ ਦੇ ਹਵਾਲੇ ਕਰਨ ਲਈ ਕਿਹਾ ਹੈ।

ਮੰਗਲਵਾਰ ਨੂੰ ਜਾਰੀ ਬਿਆਨ 'ਚ ਕੁਲਾਸੇਗਰਨ ਨੇ ਕਿਹਾ, 'ਨਾਈਕ ਇਕ ਬਾਹਰੀ ਵਿਅਕਤੀ ਹੈ, ਜਿਹੜਾ ਕਿ ਭਗੋੜਾ ਹੈ ਅਤੇ ਉਸਨੂੰ ਮਲੇਸ਼ੀਆਈ ਇਤਿਹਾਸ ਦੇ ਬਾਰੇ ਨਾ ਦੇ ਬਰਾਬਰ ਜਾਣਕਾਰੀ ਹੈ, ਇਸ ਲਈ ਉਸ ਨੂੰ ਮਲੇਸ਼ੀਆਈ ਲੋਕਾਂ ਨੂੰ ਨੀਚਾ ਦਿਖਾਉਣ ਵਰਗਾ ਵਿਸ਼ੇਸ਼ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ।'

ਮੰਤਰੀ ਨੇ ਕਿਹਾ ਕਿ ਜ਼ਾਕਿਰ ਨਾਈਕ ਦਾ ਇਹ ਬਿਆਨ ਕਿਸੇ ਵੀ ਤਰ੍ਹਾਂ ਨਾਲ ਮਲੇਸ਼ੀਆ ਦੇ ਸਥਾਈ ਵਾਸੀ ਹੋਣ ਦੇ ਪੈਮਾਨੇ 'ਤੇ ਖਰਾ ਨਹੀਂ ਉਤਰਦਾ। ਇਸ ਮੁੱਦੇ ਨੂੰ ਅਗਲੀ ਕੈਬਨਿਟ ਬੈਠਕ 'ਚ ਉਠਾਇਆ ਜਾਵੇਗਾ।

ਹਾਲੀਆ ਜ਼ਾਕਿਰ ਨਾਈਕ ਨੇ ਬਿਆਨ ਦਿੱਤਾ ਸੀ ਕਿ ਮਲੇਸ਼ੀਆ 'ਚ ਰਹਿਣ ਵਾਲੇ ਹਿੰਦੂ ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਤੋਂ ਜ਼ਿਆਦਾ ਨਰਿੰਦਰ ਮੋਦੀ ਦੇ ਵਫਾਦਾਰ ਹਨ। ਕੁਲਾਸੇਗਰਨ ਨੇ ਜ਼ਾਕਿਰ ਨਾਈਕ ਦੀ ਮਨਸ਼ਾ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਉਹ ਮਲੇਸ਼ੀਆ ਦੇ ਬਹੂ ਨਸਲੀ ਅਤੇ ਬਹੂ ਧਾਰਮਿਕ ਸਮਾਜ 'ਚ ਪਾੜ ਪੈਦਾ ਕਰਨਾ ਚਾਹੁੰਦਾ ਹੈ ਤਾਂ ਜੋ ਮੁਸਲਿਮ ਫਿਰਕੇ ਦੀ ਹਮਾਇਤ ਹਾਸਲ ਕਰ ਕੇ ਇੱਥੇ ਮੌਜ ਕਰਦਾ ਰਹੇ। ਉਨ੍ਹਾਂ ਕਿਹਾ ਕਿ ਨਾਈਕ ਮਲੇਸ਼ੀਆ ਦੇ ਕਰਦਾਤਾਵਾਂ ਦੇ ਪੈਸੇ 'ਤੇ ਇੱਥੇ ਮੌਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀ ਮਲੇਸ਼ੀਆ ਦੇ ਲੋਕਾਂ ਨੂੰ ਜ਼ਾਕਿਰ ਨਾਈਕ ਨਾਂ ਦੇ ਵਿਅਕਤੀ 'ਤੇ ਵੰਡਿਆ ਜਾਣਾ ਚਾਹੀਦਾ?'

ਦੱਸਣਯੋਗ ਹੈ ਕਿ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਇਕ ਵਾਰੀ ਪਹਿਲਾਂ ਨਾਈਕ ਦੀ ਹਵਾਲਗੀ ਤੋਂ ਇਨਕਾਰ ਕਰ ਚੁੱਕੇ ਹਨ, ਪਰ ਇਸ ਵਾਰੀ ਮਲੇਸ਼ੀਆ 'ਚ ਨਾਈਕ ਦਾ ਵਿਰੋਧ ਬਹੁਤ ਵੱਧ ਗਿਆ ਹੈ।

ਭਾਰਤ ਤੋਂ ਭੱਜਣ ਦੇ ਬਾਅਦ ਤੋਂ ਜ਼ਾਕਿਰ ਨਾਈਕ ਮਲੇਸ਼ੀਆ 'ਚ ਰਹਿ ਰਿਹਾ ਹੈ। ਜ਼ਾਕਿਰ ਨਾਈਕ 'ਤੇ ਮਨੀ ਲਾਂਡਰਿੰਗ ਤੇ ਅੱਤਵਾਦ ਨੂੰ ਉਤਸ਼ਾਹਤ ਕਰਨ ਦੇ ਦੋਸ਼ ਹਨ।