ਮਨੀਲਾ : ਦੱਖਣੀ-ਪੂਰਬੀ ਏਸ਼ਿਆਈ ਦੇਸ਼ ਫਿਲਪੀਨ 'ਚ ਖਸਰਾ (ਮੀਜ਼ਲਸ) ਮਹਾਮਾਰੀ ਵਾਂਗ ਫੈਲ ਰਿਹਾ ਹੈ। ਜ਼ਿਆਦਾਤਰ ਚਾਰ ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਇਸ ਤੋਂ ਪ੍ਭਾਵਿਤ ਹੋਏ ਹਨ। ਸਿਹਤ ਵਿਭਾਗ ਮੁਤਾਬਕ ਦੇਸ਼ 'ਚ ਹੁਣ ਤਕ 4,300 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ।

ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਚਿਤ ਟੀਕਾਕਰਨ ਨਾ ਹੋਣ ਨਾਲ ਇਹ ਬਿਮਾਰੀ ਭਿਆਨਕ ਰੂਪ ਲੈ ਰਹੀ ਹੈ। ਦੇਸ਼ 'ਚ ਪੰਜ ਸਾਲ ਤੋਂ ਹੇਠਾਂ ਦੇ ਕਰੀਬ 25 ਲੱਖ ਬੱਚਿਆਂ ਦਾ ਟੀਕਾਕਰਨ ਨਹੀਂ ਹੋਇਆ। ਡੇਂਗੂ ਲਈ ਲਗਾਏ ਜਾਣ ਵਾਲੇ ਟੀਕੇ ਡੈਂਗਵੈਕਸੀਆ ਦੇ ਸਾਈਡ ਇਫੈਕਟ ਦਾ ਪਤਾ ਲੱਗਣ 'ਤੇ ਲੋਕਾਂ ਦਾ ਟੀਕਾਕਰਨ 'ਤੇ ਭਰੋਸਾ ਘੱਟ ਹੋ ਗਿਆ ਹੈ। ਫਿਲਪੀਨ 'ਚ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਖਸਰਾ ਫੈਲ ਰਿਹਾ ਸੀ ਪਰ ਹਵਾ ਨਾਲ ਫੈਲਣ ਅਤੇ ਸਹਿ ਤੰਤਰ ਨੂੰ ਪ੍ਭਾਵਿਤ ਕਰਨ ਵਾਲੀ ਇਸ ਇਨਫੈਕਸ਼ਨ ਵਾਲੀ ਬਿਮਾਰੀ ਨੇ ਪਿਛਲੇ ਹਫ਼ਤੇ ਮਹਾਮਾਰੀ ਦਾ ਰੂਪ ਲੈ ਲਿਆ। ਰਾਜਧਾਨੀ ਮਨੀਲਾ ਅਤੇ ਇਸ ਦੇ ਆਸਪਾਸ ਦੇ ਇਲਾਕੇ 'ਚ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਸਭ ਤੋਂ ਜ਼ਿਆਦਾ ਪ੍ਭਾਵਿਤ ਪੰਜ ਇਲਾਕਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ।