ਆਸਟ੍ਰੇਲੀਆ 'ਚ ਪਿਛਲੇ ਕੁੱਝ ਅਰਸਿਆਂ ਤੋਂ ਇਮੀਗ੍ਰੇਸ਼ਨ ਕਾਨੂੰਨਾਂ 'ਚ ਭਾਰੀ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਸਾਲਾਨਾ ਇਮੀਗ੍ਰੇਸ਼ਨ ਦੀ ਹੱਦ ਸਾਲ 2011 ਤੋਂ 1,90,000 ਹੈ ਪ੍ਰੰਤੂ ਬੀਤੇ ਵਿੱਤੀ ਵਰ੍ਹੇ ਦੌਰਾਨ ਅਸਲ ਇਮੀਗ੍ਰੇਸ਼ਨ 1,62,000 ਹੀ ਸੀ ਜੋਕਿ 2007 ਤੋਂ ਬਾਅਦ ਸਭ ਤੋਂ ਘੱਟ ਸੀ। ਇਮੀਗ੍ਰੇਸ਼ਨ ਸਬੰਧੀ ਰਾਜਨੀਤਕ ਬਹਿਸ ਭੱਖਣ 'ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਦੀ ਹੱਦ ਨੂੰ 1,60,000 ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸੂਬਾ ਸਰਕਾਰਾਂ ਨੂੰ ਇਮੀਗ੍ਰੇਸ਼ਨ ਸਬੰਧੀ ਵਧੇਰੇ ਅਖ਼ਤਿਆਰ ਦੇਣ ਦੀ ਗੱਲ ਵੀ ਕਹੀ। ਨਿਊ ਸਾਊਥ ਵੇਲਜ਼ ਦੀ ਪ੫ੀਮੀਅਰ ਗਲੈਡਿਸ ਬੇਰੇਜਿਕਲੀਨ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਸੂਬੇ 'ਚ ਇਮੀਗ੍ਰੇਸ਼ਨ ਨੂੰ 50 ਫ਼ੀਸਦੀ ਘੱਟ ਕੀਤਾ ਜਾਵੇ ਜਦਕਿ ਏ ਸੀ ਟੀ ਸਰਕਾਰ ਦਾ ਸਾਲਾਨਾ ਕੋਟਾ 800 ਤੋਂ ਵੱਧ ਕੇ 1,400 ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਸਾਲ 2018 ਦੌਰਾਨ ਆਸਟ੍ਰੇਲੀਆ ਦੀ ਰਾਜਨੀਤੀ 'ਚ ਦੇਸ਼ 'ਚ ਇਮੀਗ੍ਰੇਸ਼ਨ ਨੂੰ ਘੱਟ ਕਰਨ ਬਾਰੇ ਬਹਿਸ ਨੇ ਖ਼ਾਸਾ ਜ਼ੋਰ ਫੜੀ ਰੱਖਿਆ ਸੀ ਜਿਸ ਦੇ ਚੱਲਦਿਆਂ ਦੇਸ਼ ਦੇ ਦੋ ਮਹਾਨਗਰਾਂ ਸਿਡਨੀ ਅਤੇ ਮੈਲਬੌਰਨ 'ਚ ਵੱਧ ਰਹੀ ਭੀੜ ਦਾ ਭਾਂਡਾ ਵੀ ਇਮੀਗ੍ਰੇਸ਼ਨ ਦੇ ਸਿਰ ਭੰਨਿਆ ਗਿਆ।