ਰੋਮ (ਇਟਲੀ) (ਏਐੱਨਆਈ) : 23 ਜੂਨ (ਐਤਵਾਰ) ਨੂੰ ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਦਾ ਅਮੀਰਾਤ ਮਿਲਟਰੀ ਹਸਪਤਾਲ ਇਕ ਧਮਾਕੇ ਨਾਲ ਤਬਾਹ ਹੋ ਗਿਆ। ਧਮਾਕਾ ਏਨਾ ਭਿਆਨਕ ਸੀ ਕਿ ਹਸਪਤਾਲ ਦੀਆਂ ਇਮਾਰਤਾਂ ਵੀ ਨੁਕਸਾਨੀਆਂ ਗਈਆਂ। ਹਸਪਤਾਲ ਤੋਂ ਅੱਗ ਦੀਆਂ ਉੱਚੀਆਂ ਲਪਟਾਂ ਉੱਠਦੀਆਂ ਨਜ਼ਰ ਆ ਰਹੀਆਂ ਸਨ। ਕੱਚ ਸਾਰੇ ਟੁੱਟ ਗਏ ਸਨ ਅਤੇ ਕਾਲੇ ਧੂੰਏਂ ਨਾਲ ਅਸਮਾਨ ਭਰ ਗਿਆ ਸੀ। ਇਸ ਧਮਾਕੇ ਪਿੱਛੋਂ ਪਾਕਿਸਤਾਨੀ ਲੋਕਾਂ ਨੇ ਹੀ ਸੋਸ਼ਲ ਮੀਡੀਆ 'ਤੇ ਪੋਸਟ ਕਰਨਾ ਸ਼ੁਰੂ ਕੀਤਾ ਕਿ ਅੱਤਵਾਦੀ ਜਮਾਤ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ ਹਸਪਤਾਲ ਵਿਚ ਹੋਏ ਧਮਾਕੇ ਵਿਚ ਮਾਰਿਆ ਗਿਆ ਹੈ। ਹਾਲਾਂਕਿ ਇਸ ਗੱਲ ਦੀ ਹੁਣ ਤਕ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਇਸ ਦੀ ਸੱਚਾਈ ਸਾਹਮਣੇ ਆਉਣ ਦਾ ਸਭ ਨੂੰ ਇੰਤਜ਼ਾਰ ਹੈ।

ਪੀਟੀਐੱਮ ਦੇ ਕਾਰਕੁੰਨ ਅਹਿਸਾਨ ਉੱਲਾਹ ਮਿਆਂਖੇਲ ਨੇ ਇਕ ਟਵੀਟ ਵਿਚ ਕਿਹਾ ਕਿ ਰਾਵਲਪਿੰਡੀ ਦੇ ਫ਼ੌਜੀ ਹਸਪਤਾਲ ਵਿਚ ਭਿਆਨਕ ਧਮਾਕਾ ਹੋਇਆ ਹੈ। 10 ਲੋਕਾਂ ਨੂੰ ਐਮਰਜੈਂਸੀ ਵਿਚ ਲਿਜਾਇਆ ਗਿਆ ਹੈ। ਜੈਸ਼ ਸਰਗਨਾ ਮੌਲਾਨਾ ਮਸੂਦ ਅਜ਼ਹਰ ਨੂੰ ਇਥੇ ਭਰਤੀ ਕੀਤਾ ਗਿਆ ਹੈ। ਫ਼ੌਜ ਨੇ ਮੀਡੀਆ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਨੂੰ ਸਖ਼ਤੀ ਨਾਲ ਕਿਹਾ ਗਿਆ ਹੈ ਕਿ ਉਹ ਇਹ ਸਟੋਰੀ ਕਵਰ ਨਾ ਕਰੇ।

ਤਦ ਇਕ ਹੋਰ ਟਵੀਟ 'ਚ ਦੱਸਿਆ ਗਿਆ ਕਿ ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਫ਼ੌਜੀ ਹਸਪਤਾਲ ਵਿਚ ਭਿਆਨਕ ਧਮਾਕਾ ਹੋਇਆ ਹੈ। ਇਹ ਉਹੀ ਹਸਪਤਾਲ ਹੈ ਜਿਥੇ ਸੰਯੁਕਤ ਰਾਸ਼ਟਰ ਵੱਲੋਂ ਅੰਤਰਰਾਸ਼ਟਰੀ ਅੱਤਵਾਦੀ ਐਲਾਨੇ ਮੌਲਾਨਾ ਮਸੂਦ ਅਜ਼ਹਰ ਦਾ ਕਿਡਨੀ ਫੇਲ੍ਹ ਹੋਣ ਦਾ ਇਲਾਜ ਚੱਲ ਰਿਹਾ ਹੈ। ਪਾਕਿਸਤਾਨੀ ਫ਼ੌਜ ਹੁਣ ਮਸੂਦ ਅਜ਼ਹਰ ਦੀ ਹੱਤਿਆ ਕਰਨਾ ਚਾਹੁੰਦੀ ਹੈ ਕਿਉਂਕਿ ਉਹ ਹੁਣ ਉਸ ਲਈ ਬੋਝ ਬਣ ਗਿਆ ਹੈ।

ਹਾਲਾਂਕਿ ਰਾਵਲਪਿੰਡੀ 'ਚ ਹੋਏ ਧਮਾਕੇ ਨੂੰ ਅਧਿਕਾਰਤ ਰੂਪ ਨਾਲ ਕਿਸੇ ਵੀ ਪਾਕਿਸਤਾਨੀ ਮੀਡੀਆ ਨੇ ਕਵਰ ਨਹੀਂ ਕੀਤਾ ਹੈ। ਪਾਕਿਸਤਾਨੀ ਮੀਡੀਆ ਨੇ ਫ਼ੌਜ ਦੇ ਹਵਾਲੇ ਨਾਲ ਕੇਵਲ ਏਨਾ ਦੱਸਿਆ ਕਿ ਸਿਲੰਡਰ ਬਲਾਸਟ ਕਾਰਨ ਹੋਏ ਧਮਾਕੇ ਨੇ ਭਿਆਨਕ ਰੂਪ ਲੈ ਲਿਆ। ਇਸ ਹਾਦਸੇ ਵਿਚ 10 ਲੋਕ ਜ਼ਖ਼ਮੀ ਹੋਏ ਪ੍ਰੰਤੂ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ।

ਇਸੇ ਤਰ੍ਹਾਂ ਆਮ ਤੌਰ 'ਤੇ ਭਰੋਸੇਯੋਗ ਮੰਨੇ ਜਾਣ ਵਾਲੇ ਫਰਨ ਜੈਫਰੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਦੱਸਿਆ ਕਿ ਹਸਪਤਾਲ ਵਿਚ ਧਮਾਕੇ ਦਾ ਕਾਰਨ ਤਕਨੀਕੀ ਗੜਬੜੀ ਸੀ। ਮਸੂਦ ਅਜ਼ਹਰ ਨੂੰ ਇਕ ਹੋਰ ਫ਼ੌਜੀ ਹਸਪਤਾਲ ਵਿਚ ਪਹੁੰਚਾ ਦਿੱਤਾ ਗਿਆ ਹੈ। ਇਸ ਪਿੱਛੋਂ ਇਸੇ ਵਿਸ਼ੇ 'ਤੇ ਬਲੋਚਵਰਨਾ ਨੇ ਇਕ ਲੇਖ ਪ੍ਰਕਾਸ਼ਿਤ ਕੀਤਾ। ਇਸੇ ਤਰ੍ਹਾਂ ਐੱਮਕਿਊਐੱਮ ਪਾਰਟੀ ਦੇ ਇਕ ਪ੍ਰਭਾਵਸ਼ਾਲੀ ਆਗੂ ਡਾ. ਨਦੀਮ ਅਹਿਸਾਨ ਨੇ ਸਭ ਤੋਂ ਪਹਿਲੇ ਟਵੀਟ ਕਰ ਕੇ ਇਹ ਦਾਅਵਾ ਕੀਤਾ ਸੀ ਕਿ ਮਸੂਦ ਅਜ਼ਹਰ ਰਾਵਲਪਿੰਡੀ ਧਮਾਕੇ ਵਿਚ ਮਾਰਿਆ ਜਾ ਚੁੱਕਾ ਹੈ। ਉਸ ਦੀ ਨਮਾਜ਼-ਏ-ਜਨਾਜ਼ਾ ਕਰਾਚੀ ਵਿਚ ਮਹਿਮੂਦਾਬਾਦ ਮਸਜਿਦ ਵਿਚ ਪੜ੍ਹੀ ਗਈ ਹੈ। ਉਨ੍ਹਾਂ ਨੇ ਉਨ੍ਹਾਂ ਦੇ ਇਸ ਦਾਅਵੇ ਨੂੰ ਠੁਕਰਾਉਣ 'ਤੇ ਮਸਜਿਦ ਨੂੰ ਵੀ ਚੁਣੌਤੀ ਦਿੱਤੀ ਸੀ। ਐੱਮਕਿਊਐੱਮ ਪਾਰਟੀ ਦੇ ਜਲਾਵਤਨ ਆਗੂ ਅਲਤਾਫ ਹੁਸੈਨ ਦੇ ਵੀ ਅਜਿਹਾ ਹੀ ਦਾਅਵਾ ਕਰਨ ਦੇ ਇਕ ਦਿਨ ਪਿੱਛੋਂ ਹੀ ਬਲੋਚਵਰਨਾ ਨੇ ਵੀ ਇਹੀ ਕਹਾਣੀ ਸੁਣਾਈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਬਾਰੇ ਵਿਚ ਕੋਈ ਵੀ ਸਚਾਈ ਸਾਹਮਣੇ ਆਉਣਾ ਅਜੇ ਬਾਕੀ ਹੈ।

ਜ਼ਿਕਰਯੋਗ ਹੈ ਕਿ ਇਕ ਮਈ, 2019 ਨੂੰ ਪਾਕਿਸਤਾਨ ਅਤੇ ਚੀਨ ਨਾਲ ਇਕ ਲੰਬੀ ਕੂਟਨੀਤਕ ਲੜਾਈ ਪਿੱਛੋਂ ਭਾਰਤ ਨੂੰ ਮਸੂਦ ਅਜ਼ਹਰ ਨੂੰ ਬਤੌਰ ਅੱਤਵਾਦੀ ਸੰਯੁਕਤ ਰਾਸ਼ਟਰ ਦੀ ਸੂਚੀ ਵਿਚ ਦਰਜ ਕਰਾਉਣ ਵਿਚ ਜਿੱਤ ਹਾਸਲ ਹੋਈ ਸੀ। ਪਾਕਿਸਤਾਨ ਦੇ ਬਹਾਵਲਪੁਰ ਦਾ ਰਹਿਣ ਵਾਲਾ ਮਸੂਦ ਅਜ਼ਹਰ ਭਾਰਤ ਵਿਚ ਸੰਸਦ 'ਤੇ ਹਮਲੇ, ਮੁੰਬਈ ਬੰਬ ਧਮਾਕਿਆਂ ਤੋਂ ਲੈ ਕੇ ਉੜੀ ਅਤੇ ਪੁਲਵਾਮਾ ਵਰਗੇ ਕਈ ਅੱਤਵਾਦੀ ਹਮਲੇ ਕਰਾਉਣ ਦਾ ਮੁੱਖ ਸਾਜ਼ਿਸ਼ਕਰਤਾ ਹੈ।