ਨਿਊਯਾਰਕ, ਏਐੱਨਆਈ : ਮਾਲਦੀਵ ਨੇ ਸੰਯੁਕਤ ਰਾਸ਼ਟਰ 'ਚ ਆਰਗੇਨਾਈਜ਼ੇਸ਼ਨ ਆਫ਼ ਇਸਲਾਮਿਕ ਕੋ-ਆਪਰੇਸ਼ਨ ਦੀ ਵਰਚੁਅਲ ਬੈਠਕ 'ਚ ਭਾਰਤ ਖ਼ਿਲਾਫ਼ ਪਾਕਿਸਤਾਨ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਦੀ ਹਵਾ ਕੱਢ ਦਿੱਤੀ। ਬੈਠਕ 'ਚ ਪਾਕਿਸਤਾਨ ਨੇ ਆਪਣੇ ਏਜੰਡੇ ਤਹਿਤ ਭਾਰਤ 'ਚ ਕਥਿਤ ਤੌਰ 'ਤੇ ਵਧਦੇ ਇਸਲਾਮੋਫੋਬਿਆ ਸਬੰਧੀ ਦੋਸ਼ ਲਗਾਏ। ਉਸ ਦਾ ਮਕਸਦ ਦੁਨੀਆ 'ਚ ਕਿਸੇ ਨਾ ਕਿਸੇ ਤਰੀਕੇ ਭਾਰਤ ਨੂੰ ਬਦਨਾਮ ਕਰਨਾ ਹੈ। ਇਸ ਬੈਠਕ 'ਚ ਮਾਲਦੀਵ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਇਕੱਲੇ ਪਏ ਗਰੁੱਪਾਂ ਤੇ ਲੋਕਾਂ ਵੱਲੋਂ ਜ਼ਾਹਿਰ ਕੀਤੀਆਂ ਜਾਣ ਵਾਲੀਆਂ ਭਾਵਨਾਵਾਂ ਨੂੰ ਭਾਰਤ ਦੇ 130 ਕਰੋੜ ਲੋਕਾਂ ਦੀਆਂ ਭਾਵਨਾਵਾਂ ਨਹੀਂ ਦੱਸਿਆ ਜਾ ਸਕਦਾ। ਸੰਯੁਕਤ ਰਾਸ਼ਟਰ 'ਚ ਮਾਲਦੀਵ ਦੀ ਸਥਾਈ ਪ੍ਰਤੀਨਿਧੀ ਥਿਲਮੀਜ਼ਾ ਹੁਸੈਨ ਨੇ ਕਿਹਾ ਕਿ ਭਾਰਤ ਦੇ ਸੰਦਰਭ 'ਚ ਇਸਲਾਮੋਫੋਬੀਆ ਦਾ ਦੋਸ਼ ਲਗਾਉਣਾ ਤੱਥਾਂ ਅਨੁਸਾਰ ਗ਼ਲਤ ਹੈ।


ਇਸਲਾਮੋਫੋਬੀਆ ਦਾ ਦੋਸ਼ ਗ਼ਲਤ

ਉਨ੍ਹਾਂ ਕਿਹਾ- 'ਮੈਂ ਦੱਸ ਰਹੀ ਹਾਂ ਕਿ ਭਾਰਤ, ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਤੇ ਬਹੁ-ਸੱਭਿਆਚਾਰਕ ਸਮਾਜ ਹੈ। ਇੱਥੇ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਰਹਿ ਰਹੇ ਹਨ। ਅਜਿਹੇ ਵਿਚ ਇਸਲਾਮੋਫੋਬੀਆ ਦਾ ਦੋਸ਼ ਲਗਾਉਣਾ ਗ਼ਲਤ ਹੈ। ਉਨ੍ਹਾਂ ਕਿਹਾ ਕਿ ਦੱਖਣੀ ਏਸ਼ਿਆਈ ਖੇਤਰ 'ਚ ਧਾਰਮਿਕ ਸਦਭਾਵਨ ਲਈ ਅਜਿਹਾ ਕਰਨਾ ਨੁਕਸਾਨਦਾਇਕ ਹੋਵੇਗੀ। ਇਸਲਾਮ ਭਾਰਤ 'ਚ ਸਦੀਆਂ ਤੋਂ ਮੌਜੂਦ ਹੈ ਤੇ ਇਹ ਦੇਸ਼ ਦਾ 14.2 ਫ਼ੀਸਦੀ ਆਬਾਦੀ ਨਾਲ ਭਾਰਤ 'ਚ ਦੂਸਰਾ ਸਭ ਤੋਂ ਵੱਡਾ ਧਰਮ ਹੈ।


ਪਾਕਿਸਤਾਨ 'ਚ ਭਾਰਤ ਖ਼ਿਲਾਫ਼ ਚੱਲ ਰਿਹਾ ਹੈ ਕੂੜ ਪ੍ਰਚਾਰ

ਪਾਕਿਸਤਾਨ ਸਥਿਤ ਕਈ ਸੋਸ਼ਲ ਮੀਡੀਆ ਹੈਂਡਲ ਨੇ ਭਾਰਤ 'ਚ ਮੁਸਲਮਾਨਾਂ ਲਈ 'ਕੋਈ ਜਗ੍ਹਾ ਨਹੀਂ' ਹੋਣ ਦੀ ਗੱਲ ਦਾ ਕੂੜ ਪ੍ਰਚਾਰ ਸ਼ੁਰੂ ਕੀਤਾ ਹੈ। ਪਾਕਿਸਤਾਨ ਨੇ ਭਾਰਤ 'ਚ ਇਸਲਾਮੋਫੋਬੀਆ ਵਧਣ ਦਾ ਦਾਅਵਾ ਵੀ ਕੀਤਾ ਹੈ। ਭਾਰਤ ਇਸ ਨੂੰ ਪਾਕਿਸਤਾਨ ਵੱਲੋਂ ਭਾਰਤ ਤੇ ਅਰਬ ਬਰਾਦਰੀ ਦੇ ਰਿਸ਼ਤਿਆਂ 'ਚ ਕੁੜੱਤਣ ਦੀ ਸਾਜ਼ਿਸ਼ ਦੇ ਰੂਪ 'ਚ ਦੇਖਦਾ ਹੈ।

Posted By: Sarabjeet Kaur