ਜੇਐੱਨਐੱਨ, ਏਐੱਨਆਈ : ਮਲੇਸ਼ੀਆ (Malaysia) ਨੇ ਪਿਛਲੇ ਕੁਝ ਹਫ਼ਤਿਆਂ 'ਚ ਕੋਵਿਡ 19 ਦੇ ਵਧਦੀ ਇਨਫੈਕਸ਼ਨ ਨੂੰ ਦੇਖਦਿਆਂ ਪਾਕਿਸਤਾਨ ਤੇ ਕਈ ਹੋਰ ਏਸ਼ਿਆਈ ਦੇਸ਼ਾਂ ਦੀ ਯਾਤਰਾ 'ਤੇ ਪਾਬੰਦੀ ਲਾ ਦਿੱਤੀ ਹੈ। ਜੀਓ ਨਿਊਜ਼ ਨੇ ਆਪਣੀ ਰਿਪੋਰਟ 'ਚ ਮਲੇਸ਼ਿਆਈ ਇਮੀਗ੍ਰੇਸ਼ਨ ਪ੍ਰਸ਼ਾਸਨ ਦੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਜਾਣਕਾਰੀ ਦਿੱਤੀ ਹੈ ਕਿ ਸ਼ਨਿਚਰਵਾਰ ਤੋਂ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਤੇ ਨੇਪਾਲ ਦੇ ਨਾਗਰਿਕਾਂ ਨੂੰ ਮਲੇਸ਼ੀਆ 'ਚ ਪ੍ਰਵੇਸ਼ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

ਪਾਬੰਦੀ ਦੀਆਂ ਸ਼ਰਤਾਂ ਨੂੰ ਦੱਸਦਿਆਂ ਮਲੇਸ਼ੀਆ ਦੇ ਸੀਨੀਅਰ ਮੰਤਰੀ ਇਸਮਾਈਲ ਯਾਕੂਬ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਸਾਰੇ ਨਾਗਰਿਕਾਂ 'ਤੇ ਲੰਬੇ ਸਮੇਂ ਦੀ ਸੋਸ਼ਲ ਵਿਜ਼ਿਟ ਤੋਂ ਲੈ ਕੇ ਬਿਜ਼ਨੈੱਸ ਟਰਿੱਪ ਤੇ ਹੋਰ ਸਾਰੇ ਕਾਰਨਾਂ ਤੋਂ ਯਾਤਰਾ 'ਤੇ ਰੋਕ ਰਹੇਗੀ। ਉਨ੍ਹਾਂ ਕਿਹਾ ਕਿ ਯਾਤਰਾ ਕਰਨ ਦੀ ਛੋਟ ਸਿਰਫ਼ ਕੂਟਨੀਤਕ ਪਾਸਪੋਰਟ ਧਾਰਕਾਂ ਤੇ ਅਧਿਕਾਰੀਆਂ ਨੂੰ ਹੋਵੇਗੀ। ਇਹ ਉਹ ਅਫਸਰ ਹੋਣਗੇ ਜਿਨ੍ਹਾਂ ਨੂੰ ਵਿਏਨਾ ਸੰਮੇਲਨ 'ਚ ਕੂਟਨੀਤਕ ਸਬੰਧਾਂ, 1961 ਤਹਿਤ ਛੋਟ ਮਿਲੀ ਹੋਈ ਹੈ।

ਇਸ ਸ਼੍ਰੇਣੀ ਦੇ ਲੋਕਾਂ ਨੂੰ ਆਪਣੇ ਮੌਜੂਦਾ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰਜ਼ (ਐੱਸਓਪੀ) ਤਹਿਤ ਮਲੇਸ਼ੀਆ 'ਚ ਪ੍ਰਵੇਸ਼ ਮਿਲੇਗਾ। ਜੀਓ ਨਿਊਜ਼ ਮੁਤਾਬਿਕ ਮਲੇਸ਼ੀਆ ਦੀ ਪਾਬੰਦੀ ਲਾਉਣ ਤੋਂ ਬਾਅਦ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੀ ਫਲਾਈਟ ਨੇ ਉੱਥੇ ਲਈ ਉਡਾਨ ਭਰਨੀ ਬੰਦ ਕਰ ਦਿੱਤੀ ਹੈ।

ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਮਲੇਸ਼ੀਆ ਨੇ ਭਾਰਤ ਨਾਲ ਯਾਤਰਾ 'ਤੇ ਵੀ ਰੋਕ ਲਾ ਦਿੱਤੀ। ਦੱਸ ਦੇਈਏ ਕਿ ਮਹਾਮਾਰੀ ਦੀ ਸ਼ੁਰੂਆਤ 2019 ਦੇ ਆਖਿਰ 'ਚ ਚੀਨ ਦੇ ਵੁਹਾਨ ਤੋਂ ਹੋਈ ਜਿਸ ਨੇ ਦੋ-ਤਿੰਨ ਮਹੀਨਿਆਂ ਬਾਅਦ ਹੀ ਮਹਾਮਾਰੀ ਦਾ ਰੂਪ ਲੈ ਲਿਆ।

Posted By: Amita Verma