ਨਈ ਦੁਨੀਆ, ਨਵੀਂ ਦਿੱਲੀ : ਜੇਕਰ ਤੁਸੀਂ ਵੀ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ 'ਚ ਇੰਨੇ ਮਸਰੂਫ਼ ਹੋ ਕਿ ਆਪਣੇ ਬੱਚਿਆਂ ਦੀ ਦੇਖਰੇਖ ਦਾ ਜ਼ਿੰਮਾ ਕਿਸੇ ਮੇਡ ਜਾਂ ਕੰਮਵਾਲੀ ਭਰੋਸੇ ਛੱਡ ਰੱਖਿਆ ਹੈ ਤਾਂ ਹਾਲੇ ਵੀ ਸਮਾਂ ਹੈ ਸੰਭਲ ਜਾਓ। ਅਕਸਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਵਿਚ ਬੱਚਿਆਂ ਦੀ ਦੇਖਰੇਖ ਕਰਨ ਵਾਲੀ ਮੇਡ ਆਪਣੇ ਕੰਮ 'ਚ ਲਾਪਰਵਾਹੀ ਵਰਤਦੀ ਹੈ ਤੇ ਉਸ ਦੀ ਵਜ੍ਹਾ ਨਾਲ ਤੁਹਾਡੇ ਬੱਚਿਆਂ ਨੂੰ ਤਕਲੀਫ਼ ਹੁੰਦੀ ਹੈ। ਹਾਲ ਹੀ 'ਚ ਇਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਕਿਸੇ ਮੇਡ 'ਤੇ ਛੱਡਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੋਗੇ। ਅਸਲ ਵਿਚ ਇਸ ਵੀਡੀਓ 'ਚ ਇਕ ਮੇਡ 16 ਮਹੀਨਿਆਂ ਦੇ ਬੱਚੇ ਨਾਲ ਜੋ ਕਰਦੀ ਨਜ਼ਰ ਆ ਰਹੀ ਹੈ ਉਸ ਬਾਰੇ ਸੋਚ ਕੇ ਵੀ ਤੁਹਾਡੇ ਲੂੰ-ਕੰਡੇ ਖੜ੍ਹੇ ਹੋ ਜਾਣਗੇ।

ਮਾਮਲਾ ਸਿੰਗਾਪੁਰ ਦਾ ਹੈ ਜਿੱਥੇ ਇਸੇ ਸਾਲ ਜਨਵਰੀ ਮਹੀਨੇ ਇਕ ਅਕਾਊਂਟ ਐਗਜ਼ੀਕਿਊਟਿਵ ਨੇ ਫੇਸਬੁੱਕ 'ਤੇ ਆਪਣੀ ਬੇਟੀ ਦੀ ਮੇਡ ਦੀ ਦਿਲ ਕੰਬਾਊ ਵੀਡੀਓ ਸ਼ੇਅਰ ਕਰ ਕੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਮਾਸੂਮ ਬੱਚਿਆਂ ਨੂੰ ਕਿਸੇ ਹੋਰ ਦੇ ਭਰੋਸੇ ਛੱਡਣ ਦੀ ਗ਼ਲਤੀ ਨਾ ਕਰਨ। Emmy La ਨਾਂ ਦੀ ਇਸ ਅਕਾਊਂਡ ਐਗਜ਼ੀਕਿਊਟਿਵ ਨੇ ਆਪਣੀ ਮਾਸੂਮ ਬੱਚੀ ਦੇ ਦਰਦਨਾਕ ਹਾਲਾਤ ਬਿਆਨ ਕਰਦਿਆਂ ਲਿਖਿਆ ਹੈ ਕਿ ਉਹ ਕਈ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸਨ ਕਿ ਉਨ੍ਹਾਂ ਦੀ ਧੀ ਰਾਤ ਵੇਲੇ ਨੀਂਦ 'ਚ ਰੋਣ ਲੱਗਦੀ ਹੈ।

ਇਸ ਤੋਂ ਬਾਅਦ ਉਹ ਆਪਣੀ ਬੱਚੀ ਨੂੰ ਡਾਕਟਰ ਕੋਲ ਲੈ ਕੇ ਗਈ ਜਿਸ ਨੇ ਬੱਚੇ ਦੇ ਹੱਥਾਂ 'ਤੇ ਕੁਝ ਨਿਸ਼ਾਨ ਹੋਣ ਦੀ ਗੱਲ ਕਹੀ। ਸ਼ੱਕ ਹੋਣ 'ਤੇ ਐਮੀ ਨਾ ਆਪਣੇ ਘਰ 'ਚ ਲੱਗੇ ਬੇਬੀ ਮੌਨੀਟਰ ਦੀ ਵੀਡੀਓ ਦੇਖੀ। ਉਸ ਵਿਚ ਜੋ ਐਮੀ ਨੇ ਦੇਖਿਆ ਉਸ ਦੀ ਰੂਹ ਕੰਬ ਉੱਠੀ। ਵੀਡੀਓ 'ਚ ਸਪੱਸ਼ਟ ਨਜ਼ਰ ਆ ਰਿਹਾ ਸੀ ਕਿ ਐਮੀ ਨੇ ਜਿਸ ਮੇਡ ਨੂੰ ਆਪਣੀ ਬੱਚੀ ਦੀ ਦੇਖਰੇਖ ਲਈ ਰੱਖਿਆ ਸੀ, ਉਹ ਬੱਚੀ ਦੇ ਰੋਣ 'ਤੇ ਉਸ ਦਾ ਹੱਥ ਉੱਬਲਦੇ ਹੋਏ ਪਾਣੀ 'ਚ ਪਾ ਦਿੰਦੀ ਸੀ। ਬੱਚੀ ਦੇ ਹੱਥ 'ਤੇ ਨਿਸ਼ਾਨ ਨਜ਼ਰ ਨਾ ਆਉਣ, ਉਸ ਦੇ ਲਈ ਉਹ ਹੱਥ 'ਤੇ ਕ੍ਰੀਮ ਵੀ ਲਗਾ ਦਿੰਦੀ ਸੀ।

ਐਮੀ ਨੇ ਵੀਡੀਓ ਦੇਖੀ ਤਾਂ ਉਸ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਉਨ੍ਹਾਂ ਫੇਸਬੁੱਕ 'ਤੇ ਪੂਰੀ ਕਹਾਣੀ ਬਿਆਨ ਕਰਦਿਆਂ ਆਪਣਾ ਦੁੱਖ ਸਾਂਝਾ ਕੀਤਾ। ਨਾਲ ਹੀ ਮਾਤਾ-ਪਿਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਸੂਮਾਂ ਨੂੰ ਕਿਸੇ ਹੋਰ ਦੇ ਭਰੋਸੇ ਨਾ ਛੱਡਿਓ। ਇੰਨਾ ਹੀ ਨਹੀਂ ਐਮੀ ਨੇ ਆਪਣੇ ਮੇਡ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Posted By: Seema Anand