ਬੀਜਿੰਗ (ਏਜੰਸੀਆਂ) : ਕੋਰੋਨਾ ਮਹਾਮਾਰੀ ਦਾ ਕੇਂਦਰ ਬਿੰਦੂ ਰਹੇ ਚੀਨ ਦੇ ਵੁਹਾਨ ਸ਼ਹਿਰ 'ਚ 73 ਦਿਨ ਬਾਅਦ ਬੁੱਧਵਾਰ ਅੱਧੀ ਰਾਤ ਤੋਂ ਲਾਕਡਾਊਨ ਖ਼ਤਮ ਹੋ ਗਿਆ। ਸ਼ਹਿਰ ਦੇ 1.1 ਕਰੋੜ ਲੋਕਾਂ ਨੂੰ ਹੁਣ ਕਿਤੇ ਵੀ ਆਉਣ-ਜਾਣ ਲਈ ਵਿਸ਼ੇਸ਼ ਇਜਾਜ਼ਤ ਦੀ ਜ਼ਰੂਰਤ ਨਹੀਂ ਪਵੇਗੀ, ਬਸ਼ਰਤੇ ਲਾਜ਼ਮੀ ਸਮਾਰਟ ਫੋਨ ਐਪਲੀਕੇਸ਼ਨ ਤੋਂ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਉਹ ਸਿਹਤਮੰਦ ਹਨ ਤੇ ਕਿਸੇ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ 'ਚ ਨਹੀਂ ਆਏ ਹਨ।

ਵੁਹਾਨ 'ਚ 23 ਜਨਵਰੀ ਨੂੰ ਲਾਕਡਾਊਨ ਲਾਗੂ ਕੀਤਾ ਗਿਆ ਸੀ। ਇਨਫੈਕਸ਼ਨ ਰੋਕਣ ਲਈ ਬੱਸ ਤੇ ਰੇਲ ਸੇਵਾ 'ਤੇ ਪਾਬੰਦੀ ਲਾਉਣ ਦੇ ਨਾਲ ਹੀ ਹਵਾਈ ਸੇਵਾ ਵੀ ਰੋਕ ਦਿੱਤੀ ਗਈ ਸੀ। ਸਿਰਫ ਜ਼ਰੂਰੀ ਕੰਮਾਂ ਨੂੰ ਛੱਡ ਕੇ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਵੀ ਇਜਾਜ਼ਤ ਨਹੀਂ ਸੀ। ਸ਼ਹਿਰ ਦੀਆਂ ਹੱਦਾਂ ਨੂੰ ਵੀ ਸਾਲ ਕਰ ਦਿੱਤਾ ਗਿਆ ਸੀ।

ਲਾਕਡਾਊਨ ਹਟਣ ਦੇ ਨਾਲ ਹੀ ਸ਼ਹਿਰ 'ਚੋਂ ਲੰਘਣ ਵਾਲੀ ਯਾਂਗਤੇਜ ਨਦੀ ਦੇ ਦੋਵਾਂ ਕੰਢਿਆਂ'ਤੇ ਲਾਈਟ ਸ਼ੋਅ ਹੋਇਆ। ਅਸਮਾਨ ਨੂੰ ਛੂੰਹਦੀਆਂ ਇਮਾਰਤਾਂ ਤੇ ਪੁਲਾਂ 'ਤੇ ਅਜਿਹੀਆਂ ਤਸਵੀਰਾਂ ਤੈਰ ਰਹੀਆਂ ਸਨ ਜਿਨ੍ਹਾਂ 'ਚ ਸਿਹਤ ਮੁਲਾਜ਼ਮ ਮਰੀਜ਼ਾਂ ਨੂੰ ਲਿਜਾਂਦੇ ਦਿਖਾਈ ਦੇ ਰਹੇ ਸਨ। ਕਈ ਥਾਵਾਂ 'ਤੇ ਵੁਹਾਨ ਲਈ 'ਹੈਰੋਇਕ ਸਿਟੀ' ਸ਼ਬਦ ਲਿਖੇ ਦਿਖਾਈ ਦੇ ਰਹੇ ਸਨ। ਤੱਟਾਂ ਤੇ ਪੁਲਾਂ 'ਤੇ ਲੋਕ ਕਾਲੇ ਝੰਡੇ ਲਹਿਰਾ ਰਹੇ ਸਨ ਤੇ 'ਵੁਹਾਨ ਅੱਗੇ ਵਧੋ' ਦੇ ਨਾਅਰੇ ਲਗਾਉਂਦੇ ਹੋਏ ਚੀਨ ਦੀ ਰਾਸ਼ਟਰੀ ਗੀਤ ਗਾ ਰਹੇ ਸਨ। ਸ਼ਾਨਦੋਂਗ ਪ੍ਰਾਂਤ ਦੇ ਮੂਲ ਵਾਸੀ ਗੁਓ ਲੇਈ ਵੁਹਾਨ 'ਚ ਕਾਰੋਬਾਰ ਕਰਦੇ ਹਨ। ਉਨ੍ਹਾਂ ਕਿਹਾ, 'ਮੈਂ ਵੁਹਾਨ 'ਚ ਅੱਠ ਸਾਲ ਤੋਂ ਰਹਿ ਰਿਹਾ ਹਾਂ। ਮਹਾਮਾਰੀ ਕਾਰਨ ਅਸੀਂ ਸਾਰੇ ਇੱਥੇ ਫਸ ਗਏ ਸੀ।' ਇਕ ਹੋਰ ਵਿਅਕਤੀ ਤੋਂਗ ਝੇਂਗਕੁਨ ਨੇ ਕਿਹਾ, 'ਮੈਨੂੰ ਬਾਹਰ ਨਿਕਲੇ 70 ਦਿਨ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ। ਜਿਸ ਇਮਾਰਤ 'ਚ ਮੈਂ ਰਹਿੰਦਾ ਸੀ ਉੱਥੇ ਕੋਰੋਨਾ ਪੀੜਤ ਵਿਅਕਤੀ ਮਿਲੇ ਸਨ, ਜਿਸ ਤੋਂ ਬਾਅਦ ਪੂਰੀ ਇਮਾਰਤ ਨੂੰ ਬੰਦ ਕਰ ਦਿੱਤਾ ਗਿਆ ਸੀ।'

ਲਾਕਡਾਊਨ ਖ਼ਤਮ ਹੁੰਦੀ ਸੜਕਾਂ 'ਤੇ ਕਾਰਾਂ ਦੇ ਨਾਲ ਹੀ ਸੈਂਕੜੇ ਲੋਕ ਸ਼ਹਿਰ ਤੋਂ ਬਾਹਰ ਜਾਣ ਲਈ ਟ੍ਰੇਨਾਂ ਤੇ ਹਵਾਈ ਜਹਾਜ਼ਾਂ ਦੀ ਉਡੀਕ ਕਰਦੇ ਦਿਸੇ ਤੇ ਕਈ ਲੋਕ ਨੌਕਰੀ 'ਤੇ ਜਾਣ ਲਈ ਬੇਤਾਬ ਨਜ਼ਰ ਆਏ। ਮੰਨਿਆ ਜਾ ਰਿਹਾ ਹੈ ਕਿ ਟ੍ਰੇਨ ਜ਼ਰੀਏ ਲਗਪਗ 53 ਹਜ਼ਾਰ ਲੋਕ ਵੁਹਾਨ ਤੋਂ ਬਾਹਰ ਗਏ। ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਅਖ਼ਬਾਰ ਨੇ ਹਾਲਾਂਕਿ ਇੰਨੀ ਜਲਦੀ ਜਸ਼ਨ ਮਨਾਉਣ ਸਬੰਧੀ ਚਿਤਾਵਨੀ ਦਿੱਤੀ ਹੈ।

ਇਨਫੈਕਸ਼ਨ ਦੇ 62 ਨਵੇਂ ਮਾਮਲੇ ਸਾਹਮਣੇ ਆਏ

ਚੀਨ 'ਚ ਮੰਗਲਵਾਰ ਨੂੰ ਇਨਫੈਕਸ਼ਨ ਦੇ 62 ਨਵੇਂ ਮਾਮਲੇ ਸਾਹਮਣੇ ਆਏ। ਘਰੇਲੂ ਇਨਫੈਕਸ਼ਨ ਦੇ ਤਿੰਨ ਮਾਮਲਿਆਂ ਨੂੰ ਛੱਡ ਦਈਏ ਤਾਂ ਬਾਕੀ ਪੀੜਤ ਲੋਕ ਵਿਦੇਸ਼ ਤੋਂ ਆਏ ਸਨ। ਇਸ ਤਰ੍ਹਾਂ ਵਿਦੇਸ਼ ਤੋਂ ਆਏ ਪੀੜਤ ਲੋਕਾਂ ਦੀ ਗਿਣਤੀ 1042 ਹੋ ਗਈ।

ਮੰਗਲਵਾਰ ਨੂੰ ਬਿਨਾਂ ਲੱਛਣ ਵਾਲੇ ਕੋਰੋਨਾ ਪੀੜਤ 137 ਲੋਕਾਂ ਦੇ ਨਾਵਾਂ ਦੀ ਸੂਚੀ ਵੀ ਜਾਰੀ ਕੀਤੀ ਗਈ। ਮੰਗਲਵਾਰ ਨੂੰ ਦੋ ਲੋਕਾਂ ਦੀ ਮੌਤ ਵੀ ਹੋਈ। ਇਨ੍ਹਾਂ 'ਚ ਇਕ ਮੌਤ ਸ਼ੰਘਾਈ ਤੇ ਦੂਜੀ ਹੁਬੇਈ ਪ੍ਰਾਂਤ 'ਚ ਹੋਈ। ਦੇਸ਼ 'ਚ ਮਿ੍ਤਕਾਂ ਦੀ ਕੁੱਲ ਗਿਣਤੀ 3,333 ਹੋ ਗਈ ਹੈ। ਸਿਰਫ ਵੁਹਾਨ 'ਚ 50 ਹਜ਼ਾਰ ਤੋੋਂ ਜ਼ਿਆਦਾ ਲੋਕ ਕੋਰੋਨਾ ਤੋਂ ਪੀੜਤ ਹਨ।