ਬੀਜਿੰਗ (ਏਜੰਸੀਆਂ) : ਚੀਨ 'ਚ ਕੋਰੋਨਾ ਮਹਾਮਾਰੀ ਫਿਰ ਤੇਜ਼ੀ ਨਾਲ ਫੈਲ ਰਹੀ ਹੈ। ਲੇਂਗਫੇਂਗ ਸ਼ਹਿਰ ਵਿਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧਣ 'ਤੇ ਲਾਕਡਾਊਨ ਲਗਾ ਦਿੱਤਾ ਗਿਆ ਹੈ। ਅਮਰੀਕਾ ਦੇ ਸਫਾਰੀ ਪਾਰਕ ਵਿਚ ਕਈ ਗੁਰੀਲਾ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਚੀਨ ਦੇ ਹੁਬੇਈ ਸੂਬੇ ਵਿਚ ਹਰ ਰੋਜ਼ ਮਰੀਜ਼ਾਂ ਦੀ ਗਿਣਤੀ ਵਧਣ 'ਤੇ ਨਵੀਆਂ ਪਾਬੰਦੀਆਂ ਨਾਲ ਟੈਸਟਿੰਗ ਵਧਾ ਦਿੱਤੀ ਗਈ ਹੈ। 50 ਲੱਖ ਦੀ ਆਬਾਦੀ ਵਾਲੇ ਲੇਂਗਫੇਂਗ ਸ਼ਹਿਰ ਵਿਚ ਪੂਰੀ ਤਰ੍ਹਾਂ ਨਾਲ ਲਾਕਡਾਊਨ ਲਗਾ ਦਿੱਤਾ ਗਿਆ ਹੈ। ਸ਼ਿਨਜਿਆਂਗ ਵਿਚ 20 ਹਜ਼ਾਰ ਲੋਕਾਂ ਨੂੰ ਕੁਆਰੰਟਾਈਨ ਖੇਤਰ ਵਿਚ ਭੇਜਿਆ ਗਿਆ ਹੈ। ਚੀਨ ਦੇ ਸਿਹਤ ਅਧਿਕਾਰੀਆਂ ਅਨੁਸਾਰ ਇਸ ਵਾਰ ਕੋਰੋਨਾ ਦਾ ਵਾਇਰਸ ਜ਼ਿਆਦਾ ਘਾਤਕ ਅਤੇ ਤੇਜ਼ੀ ਨਾਲ ਫੈਲਣ ਵਾਲਾ ਹੈ। ਇਨਫੈਕਟਿਡ ਹੋਣ ਵਾਲਿਆਂ ਵਿਚ ਲੱਛਣ ਵੀ ਦਿਖਾਈ ਨਹੀਂ ਦੇ ਰਹੇ ਹਨ।

ਅਮਰੀਕਾ ਦੇ ਸਫਾਰੀ ਪਾਰਕ 'ਚ ਗੁਰੀਲਾ ਕੋਰੋਨਾ ਪ੍ਰਭਾਵਿਤ

ਅਮਰੀਕਾ ਦੇ ਸਾਨ ਡਿਆਗੋ ਜ਼ੂ ਸਫਾਰੀ ਪਾਰਕ ਦੀ ਕਾਰਜਕਾਰੀ ਨਿਰਦੇਸ਼ਕ ਲੀਜ਼ਾ ਪੈਟਰਸਨ ਨੇ ਦੱਸਿਆ ਕਿ ਪਾਰਕ ਵਿਚ ਅੱਠ ਗੁਰੀਲਾ ਇਕੱਠੇ ਰਹਿੰਦੇ ਹਨ। ਇਹ ਸਾਰੇ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਉਨ੍ਹਾਂ ਵਿੱਚੋਂ ਕੁਝ ਨੂੰ ਖਾਂਸੀ ਵੀ ਹੋ ਗਈ ਹੈ। ਇਹ ਇਨਫੈਕਸ਼ਨ ਪਾਰਕ ਵਿਚ ਕੰਮ ਕਰਨ ਵਾਲੇ ਲੋਕਾਂ ਤੋਂ ਆਇਆ ਹੈ। ਪਾਰਕ ਨੂੰ ਬੰਦ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੋਰੋਨਾ ਵੈਕਸੀਨ ਦਾ ਦੂਜਾ ਡੋਜ਼ ਲਿਆ ਹੈ।

ਪੁਰਤਗਾਲ ਦੇ ਰਾਸ਼ਟਰਪਤੀ ਹੋਏ ਕੋਰੋਨਾ ਪ੍ਰਭਾਵਿਤ

ਪੁਰਤਗਾਲ ਦੇ ਰਾਸ਼ਟਰਪਤੀ ਮਰਸੇਲੋ ਰੇਬੇਲੋ ਡੀ ਸੀਸਾ ਕੋਰੋਨਾ ਪ੍ਰਭਾਵਿਤ ਹੋ ਗਏ ਹਨ। ਉਨ੍ਹਾਂ ਨੇ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਿਆ ਹੈ। ਦੇਸ਼ ਵਿਚ ਕੋਰੋਨਾ ਦੇ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ।

ਰੂਸ ਨੇ ਬਿ੍ਟੇਨ ਦੀਆਂ ਉਡਾਣਾਂ ਰੋਕੀਆਂ

ਰੂਸ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਨੂੰ ਰੋਕਣ ਲਈ ਬਿ੍ਟੇਨ ਦੀਆਂ ਉਡਾਣਾਂ 'ਤੇ ਇਕ ਫਰਵਰੀ ਤਕ ਪਾਬੰਦੀ ਵਧਾ ਦਿੱਤੀ ਹੈ। ਇੱਥੇ 22 ਜਨਵਰੀ ਨੂੰ ਨਵੇਂ ਸਟ੍ਰੇਨ ਦੇ ਬਾਅਦ ਬਿ੍ਟੇਨ ਦੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਗਈ ਸੀ।

ਮਲੇਸ਼ੀਆ ਨੇ ਕੋਰੋਨਾ ਦੇ ਮਾਮਲੇ ਵਧਣ 'ਤੇ ਐਮਰਜੈਂਸੀ ਲਗਾਈ

ਮਲੇਸ਼ੀਆ ਨੇ ਕੋਰੋਨਾ ਮਹਾਮਾਰੀ ਵਿਚ ਤੇਜ਼ੀ ਕਾਰਨ ਐਮਰਜੈਂਸੀ ਲਗਾ ਦਿੱਤੀ ਹੈ। ਸੰਸਦ ਦਾ ਇਜਲਾਸ ਮੁਲਤਵੀ ਕਰ ਦਿੱਤਾ ਗਿਆ ਹੈ। ਐਮਰਜੈਂਸੀ ਇਕ ਅਗਸਤ ਜਾਂ ਕੋਰੋਨਾ ਦੇ ਕੰਟਰੋਲ ਤਕ ਰਹੇਗੀ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਆਪਣੇ ਕੰਜ਼ਰਵੇਟਿਵ ਪਾਰਟੀ ਦੇ ਐੱਮਪੀਜ਼ ਨਾਲ ਗੱਲਬਾਤ ਦੌਰਾਨ ਸ਼ੰਕਾ ਪ੍ਰਗਟ ਕੀਤੀ ਹੈ ਕਿ ਲਾਕਡਾਊਨ ਦੀ ਸਥਿਤੀ ਅਪ੍ਰਰੈਲ ਤਕ ਖਿੱਚ ਸਕਦੀ ਹੈ।

ਟੋਕੀਓ ਦੇ ਆਸਪਾਸ ਲਾਕਡਾਊਨ 'ਤੇ ਵਿਚਾਰ

ਜਾਪਾਨ ਦੀ ਰਾਜਧਾਨੀ ਟੋਕੀਓ ਦੇ ਆਸਪਾਸ ਦੇ ਸ਼ਹਿਰਾਂ ਵਿਚ ਕੋਰੋਨਾ ਮਹਾਮਾਰੀ ਕਾਰਨ ਲਾਕਡਾਊਨ ਨੂੰ ਵਧਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਦੱਖਣੀ ਪੂਰਬੀ ਅਫਰੀਕੀ ਦੇਸ਼ ਮਲਾਵੀ ਵਿਚ ਕੋਰੋਨਾ ਕਾਰਨ ਸਰਕਾਰ ਦੀ ਕੈਬਨਿਟ ਦੇ ਦੋ ਸੀਨੀਅਰ ਅਧਿਕਾਰੀਆਂ ਦੀ ਮੌਤ ਹੋ ਗਈ।