ਕੋਲੰਬੋ (ਪੀਟੀਆਈ) : ਸ੍ਰੀਲੰਕਾ ਦੇ ਵੋਟਰਾਂ ਨੇ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨ ਦੇ ਜਾਨਸ਼ੀਨ ਨੂੰ ਚੁਣਨ ਲਈ ਸ਼ਨਿਚਰਵਾਰ ਨੂੰ ਮਤਦਾਨ ਕੀਤਾ। ਰਾਸ਼ਟਰੀ ਚੋਣ ਕਮਿਸ਼ਨ ਮੁਤਾਬਕ ਕਰੀਬ 80 ਫ਼ੀਸਦੀ ਮਤਦਾਨ ਹੋਇਆ। ਉੱਤਰੀ ਜ਼ਿਲਿ੍ਹਆਂ 'ਚ ਸਾਲ 2015 ਵਾਂਗ ਹੀ ਇਸ ਵਾਰ ਵੀ ਜ਼ਬਰਦਸਤ ਮਤਦਾਨ ਹੋਇਆ। ਸੁਰੱਖਿਆ ਚੁਣੌਤੀਆਂ ਨਾਲ ਜੂਝ ਰਹੇ ਦੇਸ਼ ਲਈ ਇਹ ਚੋਣਾਂ ਬੇਹੱਦ ਅਹਿਮ ਹਨ ਜੋ ਦੇਸ਼ ਦੇ ਭਵਿੱਖ ਦੀ ਦਿਸ਼ਾ ਤੈਅ ਕਰਨਗੀਆਂ।

ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਮਤਦਾਨ ਨੇਪਰੇ ਚੜ੍ਹਨ ਤੋਂ ਬਾਅਦ ਕਿਹਾ ਕਿ ਅਸੀਂ ਆਜ਼ਾਦ ਤੇ ਨਿਰਪੱਖ ਚੋਣ ਪ੍ਰਕਿਰਿਆ ਯਕੀਨੀ ਕੀਤੀ ਤੇ ਇਹ ਸਾਡੇ ਲਈ ਉਪਲਬਧੀ ਹੈ। ਚੋਣਾਂ 'ਚ ਰਿਕਾਰਡ 35 ਉਮੀਦਵਾਰ ਸਨ। ਹਾਲਾਂਕਿ ਮੁੱਖ ਮੁਕਾਬਲਾ ਸ੍ਰੀਲੰਕਾ ਪੋਦੁਜਨਾ ਪੇਰਾਮੁਨਾ ਪਾਰਟੀ ਦੇ ਗੋਤਬਯਾ ਰਾਜਪਕਸ਼ੇ, ਨਿਊ ਡੈਮੋਕ੍ਰੇਟਿਕ ਫਰੰਟ (ਐੱਨਡੀਐੱਫ) ਦੇ ਸਾਜਿਥ ਪੇ੍ਮਦਾਸਾ ਤੇ ਨੈਸ਼ਨਲ ਪੀਪਲਜ਼ ਪਾਵਰ (ਐੱਨਪੀਪੀ) ਦੇ ਅਨੁਰਾ ਕੁਮਾਰ ਦਿਸਾਨਾਇਕੇ ਦਰਮਿਆਨ ਰਿਹਾ। ਦੇਸ਼ ਵਿਚ 1.59 ਕਰੋੜ ਵੋਟਰਾਂ ਲਈ 12 ਹਜ਼ਾਰ 845 ਪੋਲਿੰਗ ਬੂਥ ਬਣਾਏ ਗਏ ਸਨ। ਮਤਦਾਨ ਸਵੇਰੇ ਸੱਤ ਵਜੇ ਤੋਂ ਸ਼ਾਮ 5 ਵਜੇ ਤਕ ਚੱਲਿਆ। ਸ਼ਾਂਤੀਪੂਰਨ ਚੋਣਾਂ ਲਈ ਚਾਰ ਲੱਖ ਚੋਣ ਮੁਲਾਜ਼ਮ, 60 ਹਜ਼ਾਰ ਪੁਲਿਸ ਮੁਲਾਜ਼ਮ ਤੇ ਅੱਠ ਹਜ਼ਾਰ ਤੋਂ ਜ਼ਿਆਦਾ ਨਾਗਰਿਕ ਸੁਰੱਖਿਆ ਬਲ ਦੇ ਜਵਾਨਾਂ ਨੂੰ ਲਾਇਆ ਗਿਆ ਸੀ।

ਭਾਰਤ ਲਈ ਵੀ ਅਹਿਮ ਹਨ ਚੋਣਾਂ

ਸ੍ਰੀਲੰਕਾ ਚੋਣਾਂ 'ਤੇ ਭਾਰਤ ਨੇ ਵੀ ਨਜ਼ਰ ਰੱਖੀ ਹੋਈ ਹੈ। ਚੋਣਾਂ ਦਾ ਅਸਰ ਹਿੰਦ ਮਹਾਸਾਗਰ ਖਿੱਤੇ ਦੇ ਮੌਜੂਦਾ ਹਾਲਾਤ 'ਤੇ ਵੀ ਪਵੇਗਾ ਜਿੱਥੇ ਬੀਜਿੰਗ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ। ਜ਼ਿਕਰਯੋਗ ਹੈ ਕਿ ਚੀਨ ਨੇ 2017 'ਚ ਸ੍ਰੀਲੰਕਾ 'ਚ ਸ੍ਰੀਲੰਕਾ ਦੇ ਹੰਬਨਟੋਟਾ ਪੋਰਟ ਨੂੰ ਕਰਜ਼ੇ ਬਦਲੇ ਐਕਵਾਇਰ ਕਰ ਲਿਆ ਹੈ।

ਹਿੰਸਾ ਦੇ ਗੜਬੜ ਦੀਆਂ ਸ਼ਿਕਾਇਤਾਂ ਮਿਲੀਆਂ

ਘੱਟ ਗਿਣਤੀ ਮੁਸਲਮਾਨ ਵੋਟਰਾਂ 'ਤੇ ਹਮਲੇ ਸਮੇਤ ਮਤਦਾਨ ਦੌਰਾਨ ਕਈ ਹਿੰਸਕ ਘਟਨਾਵਾਂ ਵਾਪਰੀਆਂ। ਚੋਣਾਂ 'ਚ ਗੜਬੜ ਦੀਆਂ ਵੀ ਸ਼ਿਕਾਇਤਾਂ ਮਿਲੀਆਂ। ਉੱਤਰੀ ਪੱਛਮੀ ਪੁੱਤਲਮ ਜ਼ਿਲ੍ਹੇ 'ਚ ਇਕ ਅਣਪਛਾਤੇ ਬੰਦੂਕਧਾਰੀ ਨੇ

ਉਨ੍ਹਾਂ ਬੱਸਾਂ ਦਾ ਕਾਫ਼ਲੇ 'ਤੇ ਹਮਲਾ ਕਰ ਦਿੱਤਾ ਜਿਸ ਵਿਚ ਮੁਸਲਮਾਨ ਭਾਈਚਾਰੇ ਦੇ ਲੋਕ ਸਵਾਰ ਸਨ। ਉਹ ਸਾਰੇ ਵੋਟ ਪਾਉਣ ਜਾ ਰਹੇ ਸਨ। ਕਾਫ਼ਲੇ 'ਚ ਦੋ ਸੌ ਤੋਂ ਜ਼ਿਆਦਾ ਬੱਸਾਂ ਸਨ। ਪੁਲਿਸ ਬੁਲਾਰੇ ਮੁਤਾਬਕ ਮਤਦਾਨ ਦੌਰਾਨ ਕਾਨੂੰਨ ਦੀ ਉਲੰਘਣਾ ਸਮੇਤ ਹੋਰਨਾਂ ਘਟਨਾਵਾਂ 'ਚ 26 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ।