ਕੋਲੰਬੋ : ਸ੍ਰੀਲੰਕਾ ਦੇ ਅਧਿਕਾਰੀਆਂ ਨੇ ਕਿਹਾ ਕਿ ਸੰਪ੍ਰਦਾਇਕ ਦੰਗਿਆਂ ਦੇ ਸਿਲਸਿਲੇ 'ਚ 60 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਬੁੱਧਵਾਰ ਨੂੰ ਦੇਸ਼ ਭਰ 'ਚੋਂ ਕਰਫਿਊ ਚੁੱਕ ਲਿਆ ਗਿਆ ਹੈ। ਈਸਟਰ ਮੌਕੇ ਹੋਏ ਭਿਆਨਕ ਧਮਾਕਿਆਂ ਮਗਰੋਂ ਫੈਲੇ ਦੰਗੇ ਦੌਰਾਨ ਸਿੰਘਲੀ ਭਾਈਚਾਰੇ ਦੇ ਲੋਕਾਂ ਨੇ ਮੁਸਲਮਾਨਾਂ ਦੀਆਂ ਦੁਕਾਨਾਂ ਤੇ ਕਾਰੋਬਾਰੀ ਸੰਸਥਾਵਾਂ 'ਤੇ ਹਮਲੇ ਕੀਤੇ। ਇਸ ਨੂੰ ਵੇਖਦੇ ਹੋਏ ਸਰਕਾਰ ਨੇ ਸੋਮਵਾਰ ਨੂੰ ਪੂਰੇ ਦੇਸ਼ 'ਚ ਕਰਫਿਊ ਲਗਾ ਦਿੱਤਾ ਸੀ। ਦੇਸ਼ ਦੀ ਕੁੱਲ ਆਬਾਦੀ 'ਚ 10 ਫ਼ੀਸਦੀ ਮੁਸਲਿਮ ਹਨ।

ਮੰਗਲਵਾਰ ਨੂੰ ਕਰਫਿਊ 'ਚ ਢਿੱਲ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਕੁਝ ਹਿੱਸਿਆਂ 'ਚ ਹਿੰਸਾ ਦੀਆਂ ਖ਼ਬਰਾਂ ਮਗਰੋਂ ਲਗਾਤਾਰ ਦੂਜੀ ਰਾਤ ਕਰਫਿਊ ਲਗਾ ਦਿੱਤਾ ਗਿਆ ਸੀ।

ਪੁਲਿਸ ਦੇ ਬੁਲਾਰੇ ਰੁਵਾਨ ਗੁਨਸੇਕਰਾ ਨੇ ਕਿਹਾ, 'ਉੱਤਰ-ਪੱਛਮੀ ਪ੍ਰਾਂਤ ਤੇ ਗਾਮਪਾਹਾ ਪੁਲਿਸ ਡਵੀਜ਼ਨ 'ਚ ਲਾਗੂ ਕਰਫਿਊ ਬੁੱਧਵਾਰ ਸਵੇਰੇ ਛੇ ਵਜੇ ਚੁੱਕ ਲਿਆ ਗਿਆ ਹੈ। ਦੇਸ਼ ਦੇ ਦੂਜੇ ਹਿੱਸਿਆਂ 'ਚ ਚਾਰ ਵਜੇ ਤੜਕੇ 'ਚ ਹੀ ਕਰਫਿਊ ਖ਼ਤਮ ਹੋ ਗਿਆ ਸੀ।' ਅਧਿਕਾਰੀਆਂ ਨੇ ਕਿਹਾ ਕਿ ਪ੍ਰਾਂਤ 'ਚ ਸਥਿਤੀ ਆਮ ਹੋਣ ਨੇੜੇ ਹੈ।

ਰਾਤ ਵੇਲੇ ਕਿਤਿਓ ਵੀ ਹਿੰਸਾ ਦੀ ਸੂਚਨਾ ਨਹੀਂ ਮਿਲੀ ਹੈ। ਹਮਲੇ 'ਚ ਸ਼ਾਮਲ ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ। ਸ਼ੱਕੀਆਂ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਪੁਲਿਸ ਬੁਲਾਰੇ ਨੇ ਕਿਹਾ ਕਿ ਹਿੰਸਾ 'ਚ ਸ਼ਾਮਲ ਲੋਕ, ਜੋ ਗ਼ੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਰਹੇ ਹਨ, ਉਨ੍ਹਾਂ ਦੇ ਪੁਲਿਸ ਸਰਟੀਫਿਕੇਟ 'ਚ ਉਸ ਦਾ ਜ਼ਿਕਰ ਕੀਤਾ ਜਾਵੇਗਾ।

ਵਰਦੀ 'ਚ ਦੰਗੇ 'ਤੇ ਨਜ਼ਰ ਰੱਖਣ ਵਾਲੇ ਦੀ ਜਾਂਚ 'ਚ ਜੁਟੀ ਫ਼ੌਜ

ਸ੍ਰੀਲੰਕਾਈ ਫ਼ੌਜ ਨੇ ਵਰਦੀ ਪਹਿਣੇ ਇਕ ਆਦਮੀ ਨੂੰ ਦੰਗਾ ਕਰ ਰਹੇ ਲੋਕਾਂ 'ਤੇ ਨਜ਼ਰ ਰੱਖਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਡੀਓ 'ਚ ਇਸ ਆਦਮੀ ਨੂੰ ਮੁਸਲਮਾਨਾਂ ਦੀਆਂ ਦੁਕਾਨਾਂ, ਵਾਹਨਾਂ ਤੇ ਮਸਜਿਦਾਂ 'ਤੇ ਹਮਲਾ ਕਰ ਰਹੀ ਭੀੜ ਨੂੰ ਵੇਖਦੇ ਪਾਇਆ ਗਿਆ ਹੈ। ਫ਼ੌਜ ਮੁੱਖ ਦਫ਼ਤਰ ਨੇ ਕਿਹਾ ਕਿ ਵੀਡੀਓ ਨੇ ਉਸ ਦਾ ਧਿਆਨ ਖਿੱਚਿਆ ਹੈ। ਫ਼ੌਜ ਹੁਣ ਇਸ ਗੱਲ ਦੀ ਜਾਂਚ 'ਚ ਜੁਟੀ ਹੈ ਕਿ ਉਹ ਆਦਮੀ ਕੌਣ ਹੈ ਤੇ ਉਹ ਫ਼ੌਜ ਦਾ ਜਵਾਨ ਹੈ ਜਾਂ ਨਹੀਂ।

ਸ੍ਰੀਲੰਕਾ ਨੂੰ ਵਿਦੇਸ਼ੀ ਫ਼ੌਜ ਦੀ ਲੋੜ ਨਹੀਂ : ਵਿੱਤ ਮੰਤਰੀ

ਸ੍ਰੀਲੰਕਾ ਦੇ ਵਿੱਤ ਮੰਤਰੀ ਮੰਗਲਾ ਸਮਰਵੀਰਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਦੀ ਅਮਰੀਕੀ ਫ਼ੌਜ ਜਾਂ ਕਿਸੇ ਦੂਜੇ ਦੇਸ਼ ਦੀ ਫ਼ੌਜ ਨੂੰ ਬੁਲਾਉਣ ਦੀ ਲੋੜ ਨਹੀਂ ਹੈ ਜਿੱਥੋਂ ਤਕ ਕੌਮਾਂਤਰੀ ਅੱਤਵਾਦੀ ਖ਼ਿਲਾਫ਼ ਕਦਮ ਚੁੱਕਣ ਦੀ ਗੱਲ ਹੈ ਤਾਂ ਅਮਰੀਕੀ ਗੁਪਤਚਰ ਏਜੰਸੀ ਕੋਲ ਬਹੁਤ ਜ਼ਿਆਦਾ ਤਜਰਬਾ ਹੈ। ਇਸੇ ਤਰ੍ਹਾਂ ਬਿ੍ਟੇਨ, ਯੂਰਪ ਤੇ ਆਸਟ੍ਰੇਲੀਆ ਦੀਆਂ ਏਜੰਸੀਆਂ ਵੀ ਤਜਰਬੇਕਾਰ ਹਨ। ਇਹੀ ਕਾਰਨ ਹੈ ਕਿ ਦੇਸ਼ 'ਚ ਅੱਤਵਾਦੀ ਹਾਲਾਤ 'ਤੇ ਕਾਬੂ ਪਾਉਣ ਲਈ ਕੌਮਾਂਤਰੀ ਮਦਦ ਮੰਗੀ ਗਈ ਹੈ।

ਸ੍ਰੀਲੰਕਾਈ ਸਾਫਟਵੇਅਰ ਇੰਜੀਨੀਅਰ 'ਤੇ ਭਾਰਤ ਦੀ ਨਜ਼ਰ

ਈਸਟਰ ਹਮਲੇ ਨੂੰ ਤਕਨੀਕੀ ਤੇ ਸਾਜੋ ਸਾਮਾਨ ਨਾਲ ਮਦਦ ਮੁਹੱਈਆ ਕਰਵਾਉਣ ਦੇ ਸ਼ੱਕੀ ਸ੍ਰੀਲੰਕਾ ਦੇ ਸਾਫਟਵੇਅਰ ਇੰਜੀਨੀਅਰ 'ਤੇ ਭਾਰਤੀ ਖੁਫੀਆ ਏਜੰਸੀਆਂ ਨੇ ਤਿੰਨ ਸਾਲ ਪਹਿਲਾਂ ਨਜ਼ਰ ਰੱਖੀ ਸੀ। ਜਾਂਚ ਕਰਤਾਵਾਂ ਨੇ ਕਿਹਾ ਕਿ ਉਸ 'ਤੇ ਆਈਐੱਸ ਨਾਲ ਸੰਪਰਕ ਹੋਣ ਦਾ ਸ਼ੱਕ ਸੀ। ਸ੍ਰੀਲੰਕਾਈ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ 24 ਸਾਲ ਆਧਿਲ ਅਮੀਜ ਉਨ੍ਹਾਂ ਦੋ ਸਮੂਹਾਂ ਵਿਚਾਲੇ ਪੁਲ ਦਾ ਕੰਮ ਕਰ ਰਿਹਾ ਸੀ, ਜਿਸ ਨੇ ਚਰਚ ਤੇ ਹੋਟਲਾਂ 'ਤੇ ਹਮਲੇ ਕੀਤੇ। ਆਧਿਲ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਉਹ ਪੁਲਿਸ ਹਿਰਾਸਤ 'ਚ ਹੈ।