ਕਾਬੁਲ (ਏਪੀ) : ਅਫ਼ਗਾਨਿਸਤਾਨ ਦੇ ਘੋਰ ਸੂਬੇ ਵਿਚ ਐਤਵਾਰ ਨੂੰ ਆਤਮਘਾਤੀ ਬੰਬਾਰ ਵੱਲੋਂ ਕੀਤੇ ਕਾਰ ਬੰਬ ਧਮਾਕੇ ਵਿਚ 12 ਲੋਕਾਂ ਦੀ ਮੌਤ ਹੋ ਗਈ ਜਦਕਿ 100 ਹੋਰ ਜ਼ਖ਼ਮੀ ਹੋ ਗਏ। ਘੋਰ ਹਸਪਤਾਲ ਦੇ ਮੁਖੀ ਮੁਹੰਮਦ ਓਮਰ ਲੇਜ਼ਾਦ ਨੇ ਦੱਸਿਆ ਕਿ ਐਮਰਜੈਂਸੀ ਸਟਾਫ ਦਰਜਨਾਂ ਗੰਭੀਰ ਜ਼ਖ਼ਮੀ ਲੋਕਾਂ ਦਾ ਇਲਾਜ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਿ੍ਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਅਰਾਨ ਨੇ ਕਿਹਾ ਕਿ ਇਹ ਕਾਰ ਬੰਬ ਧਮਾਕਾ ਸੂਬਾਈ ਪੁਲਿਸ ਚੀਫ ਦੇ ਦਫ਼ਤਰ ਦੇ ਮੁੱਖ ਦਰਵਾਜ਼ੇ ਨੇੜੇ ਹੋਇਆ। ਅਜੇ ਤਕ ਕਿਸੇ ਅੱਤਵਾਦੀ ਜਮਾਤ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪ੍ਰੰਤੂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਤਾਲਿਬਾਨ ਦੀ ਹੀ ਕਾਰਵਾਈ ਹੈ। ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਤਾਲਿਬਾਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਹ ਆਉਂਦੇ ਦਿਨਾਂ ਵਿਚ ਹਮਲੇ ਨਹੀਂ ਕਰੇਗਾ। ਤਾਲਿਬਾਨ ਦੇ ਹਮਲਿਆਂ ਨੂੰ ਰੋਕਣ ਲਈ ਅਮਰੀਕਾ ਵੀ ਹੇਲਮੰਡ ਤੇ ਨਾਲ ਲੱਗਦੇ ਇਲਾਕਿਆਂ ਵਿਚ ਹਵਾਈ ਹਮਲੇ ਕਰ ਰਿਹਾ ਹੈ।