ਦੁਬਈ (ਏਪੀ) : ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਦੇ ਮਰਹੂਮ ਪੱਤਰਕਾਰ ਜਮਾਲ ਖ਼ਸ਼ੋਗੀ ਦੇ ਪੁੱਤਰਾਂ ਨੇ ਆਪਣੇ ਪਿਤਾ ਦੇ ਕਾਤਲਾਂ ਨੂੰ ਮਾਫ਼ ਕਰ ਦਿੱਤਾ ਹੈ। ਉਨ੍ਹਾਂ ਦੀ ਮਾਫ਼ੀ ਨਾਲ ਸਾਊਦੀ ਅਰਬ ਦੇ ਪੰਜ ਸਰਕਾਰੀ ਏਜੰਟਾਂ ਦੀ ਮੌਤ ਦੀ ਸਜ਼ਾ 'ਤੇ ਕਾਨੂੰਨੀ ਤੌਰ 'ਤੇ ਰੋਕ ਲੱਗ ਗਈ ਹੈ। ਅਕਤੂਬਰ 2018 ਵਿਚ ਤੁਰਕੀ ਦੇ ਇਸਤਾਂਬੁਲ ਸ਼ਹਿਰ 'ਚ ਸਾਊਦੀ ਅਰਬ ਦੇ ਦੂਤਘਰ ਵਿਚ ਖ਼ਸ਼ੋਗੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੀ ਹੱਤਿਆ ਨੂੰ ਲੈ ਕੇ ਸਾਊਦੀ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ 'ਤੇ ਵੀ ਉਂਗਲੀ ਉੱਠੀ ਸੀ।

ਸਾਊਦੀ ਪੱਤਰਕਾਰ ਦੇ ਸਭ ਤੋਂ ਵੱਡੇ ਪੁੱਤਰ ਸਲਾਹ ਨੇ ਸ਼ੁੱਕਰਵਾਰ ਨੂੰ ਟਵੀਟ ਵਿਚ ਕਿਹਾ ਕਿ ਅਸੀਂ ਸ਼ਹੀਦ ਜਮਾਲ ਖ਼ਸ਼ੋਗੀ ਦੇ ਪੁੱਤਰ ਆਪਣੇ ਪਿਤਾ ਦੇ ਹੱਤਿਆਰਿਆਂ ਨੂੰ ਮਾਫ਼ ਕਰਦੇ ਹਾਂ ਜਿਸ ਦਾ ਇਨਾਮ ਸਾਨੂੰ ਅੱਲ੍ਹਾ ਤੋਂ ਮਿਲੇਗਾ। ਸਾਊਦੀ ਅਰਬ ਵਿਚ ਰਹਿਣ ਵਾਲੇ ਸਲਾਹ ਖ਼ਸ਼ੋਗੀ ਨੂੰ ਆਪਣੇ ਪਿਤਾ ਦੀ ਹੱਤਿਆ ਦੇ ਮਾਮਲੇ ਵਿਚ ਸ਼ਾਹੀ ਅਦਾਲਤ ਤੋਂ ਵਿੱਤੀ ਮੁਆਵਜ਼ਾ ਵੀ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁਸਲਿਮਾਂ ਦੇ ਪਵਿੱਤਰ ਰਮਜ਼ਾਨ ਮਹੀਨੇ ਦੌਰਾਨ ਕਾਤਲਾਂ ਨੂੰ ਮਾਫ਼ੀ ਦਿੱਤੀ ਗਈ ਹੈ। ਇਹ ਪਹਿਲੇ ਤੋਂ ਮੰਨਿਆ ਜਾ ਰਿਹਾ ਸੀ ਕਿ ਇਸ ਤਰ੍ਹਾਂ ਦਾ ਐਲਾਨ ਹੋ ਸਕਦਾ ਹੈ ਕਿਉਂਕਿ ਅਦਾਲਤ ਨੇ ਪਿਛਲੇ ਸਾਲ ਦਸੰਬਰ ਵਿਚ ਫ਼ੈਸਲੇ ਦਾ ਐਲਾਨ ਕਰਦੇ ਸਮੇਂ ਮਾਫ਼ੀ ਦਾ ਰਸਤਾ ਖੁੱਲ੍ਹਾ ਰੱਖਿਆ ਸੀ। ਅਰਬ ਨਿਊਜ਼ ਨੇ ਖ਼ਸ਼ੋਗੀ ਦੇ ਪੁੱਤਰਾਂ ਦੇ ਐਲਾਨ 'ਤੇ ਸਪੱਸ਼ਟ ਕਿਹਾ ਕਿ ਮਾਫ਼ੀ ਮਿਲਣ ਨਾਲ ਹੱਤਿਆਰੇ ਮੌਤ ਦੀ ਸਜ਼ਾ ਤੋਂ ਬੱਚ ਸਕਦੇ ਹਨ ਪ੍ਰੰਤੂ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਮਿਲੇਗੀ।

11 ਲੋਕਾਂ 'ਤੇ ਚੱਲਿਆ ਸੀ ਮੁਕੱਦਮਾ

ਖ਼ਸ਼ੋਗੀ ਹੱਤਿਆ ਕਾਂਡ ਵਿਚ ਸ਼ਾਹੀ ਅਦਾਲਤ ਵਿਚ 11 ਲੋਕਾਂ 'ਤੇ ਮੁਕੱਦਮਾ ਚੱਲਿਆ ਸੀ। ਪਿਛਲੇ ਸਾਲ ਦਸੰਬਰ ਵਿਚ ਅਦਾਲਤ ਨੇ ਪੰਜ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਤਿੰਨ ਨੂੰ ਅਪਰਾਧ ਲੁਕਾਉਣ ਦੇ ਜੁਰਮ ਵਿਚ 24 ਸਾਲ ਜੇਲ੍ਹ ਦੀ ਸਜ਼ਾ ਦਿੱਤੀ ਗਈ ਸੀ। ਬਾਕੀ ਨੂੰ ਬਰੀ ਕਰ ਦਿੱਤਾ ਗਿਆ ਸੀ ਜੋ ਕਰਾਊਨ ਪ੍ਰਿੰਸ ਦੇ ਕਰੀਬੀ ਦੱਸੇ ਜਾਂਦੇ ਹਨ।

ਕਰਾਊਨ ਪ੍ਰਿੰਸ ਦੇ ਵੱਡੇ ਆਲੋਚਕ ਸਨ ਖ਼ਸ਼ੋਗੀ

59 ਸਾਲਾ ਖ਼ਸ਼ੋਗੀ ਦੋ ਅਕਤੂਬਰ, 2018 ਨੂੰ ਆਪਣੇ ਵਿਆਹ ਦੇ ਸਬੰਧ ਵਿਚ ਕੁਝ ਦਸਤਾਵੇਜ਼ ਲੈਣ ਲਈ ਸਾਊਦੀ ਅਰਬ ਦੇ ਦੂਤਘਰ ਵਿਚ ਗਏ ਸਨ। ਇੱਥੇ ਸਾਊਦੀ ਏਜੰਟਾਂ ਨੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਦੀ ਲਾਸ਼ ਵੀ ਬਰਾਮਦ ਨਹੀਂ ਹੋਈ ਸੀ। ਉਨ੍ਹਾਂ ਦੀ ਹੱਤਿਆ ਦੀ ਕੌਮਾਂਤਰੀ ਪੱਧਰ 'ਤੇ ਨਿੰਦਾ ਕੀਤੀ ਗਈ ਸੀ। ਇਸ ਹੱਤਿਆ ਕਾਂਡ ਵਿਚ ਕਰਾਊਨ ਪ੍ਰਿੰਸ ਸਲਮਾਨ ਦੀ ਭੂਮਿਕਾ ਨੂੰ ਲੈ ਕੇ ਸਵਾਲ ਉੱਠੇ ਸਨ। ਖ਼ਸ਼ੋਗੀ ਉਨ੍ਹਾਂ ਦੇ ਵੱਡੇ ਆਲੋਚਕ ਮੰਨੇ ਜਾਂਦੇ ਸਨ। ਉਹ ਅਮਰੀਕਾ ਵਿਚ ਰਹਿੰਦੇ ਸਨ।