ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਮੈਟਰੋਪੋਲੀਟਨ ਸ਼ਹਿਰ ਕਰਾਚੀ ਵਿਚ ਸਥਿਤ 200 ਸਾਲ ਪੁਰਾਣਾ ਮੰਦਰ ਨਾ ਕੇਵਲ ਘੱਟ ਗਿਣਤੀ ਹਿੰਦੂ ਭਾਈਚਾਰੇ ਲਈ ਆਸਥਾ ਦਾ ਕੇਂਦਰ ਹੈ ਸਗੋਂ ਇਹ ਇਲਾਕੇ ਦੇ ਮੁਸਲਿਮ ਨੌਜਵਾਨਾਂ ਲਈ ਰੁਜ਼ਗਾਰ ਦਾ ਸਾਧਨ ਵੀ ਹੈ।

ਕਰਾਚੀ ਪੋਰਟ ਨੇੜੇ ਜੈਟੀ ਪੁਲ ਕੋਲ ਸਥਿਤ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਚ ਹਿੰਦੂ ਭਾਈਚਾਰੇ ਦੇ ਲੋਕ ਭਾਰੀ ਗਿਣਤੀ ਵਿਚ ਰੋਜ਼ਾਨਾ ਪ੍ਰਾਰਥਨਾ ਕਰਨ ਆਉਂਦੇ ਹਨ ਤੇ ਉਹ ਆਪਣੇ ਤਿਉਹਾਰ ਵੀ ਇੱਥੇ ਮਨਾਉਂਦੇ ਹਨ। ਇਸ ਨਾਲ ਸਥਾਨਕ ਮੁਸਲਿਮ ਨੌਜਵਾਨਾਂ ਦਾ ਰੁਜ਼ਗਾਰ ਵੀ ਚੱਲ ਰਿਹਾ ਹੈ। ਕੌਮੀ ਅਸੈਂਬਲੀ ਅਤੇ ਪਾਕਿਸਤਾਨ ਹਿੰਦੂ ਕੌਂਸਲ ਦੇ ਮੈਂਬਰ ਰਮੇਸ਼ ਵਾਂਕਵਾਨੀ ਨੇ ਦੱਸਿਆ ਕਿ ਇਹ ਮੰਦਰ ਹਿੰਦੂ ਭਾਈਚਾਰੇ ਦੇ ਲੋਕਾਂ ਲਈ ਆਸਥਾ ਦਾ ਕੇਂਦਰ ਹੈ। ਉਹ ਇੱਥੋਂ ਨੇੜੇ ਸਥਿਤ ਸਮੁੰਦਰ 'ਚ ਆਪਣੇ ਰਿਸ਼ਤੇਦਾਰਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਦੇ ਹਨ ਤੇ ਧਾਰਮਿਕ ਰਸਮਾਂ ਮੰਦਰ ਵਿਚ ਹੁੰਦੀਆਂ ਹਨ।

ਇਕ ਸਥਾਨਕ ਨੌਜਵਾਨ ਸ਼ਫੀਕ ਨੇ ਦੱਸਿਆ ਕਿ ਹਿੰਦੂ ਭਾਈਚਾਰੇ ਦੇ ਲੋਕ ਜੋ ਮੰਦਰ ਆਉਂਦੇ ਹਨ ਉਨ੍ਹਾਂ ਵਿੱਚੋਂ ਕਈ ਧਾਰਮਿਕ ਰਸਮਾਂ ਵਜੋਂ ਕੀਮਤੀ ਚੀਜ਼ਾਂ ਪੁਲ ਤੋਂ ਸਮੁੰਦਰ ਵਿਚ ਸੁੱਟਦੇ ਹਨ। ਸਥਾਨਕ ਮੁਸਲਿਮ ਨੌਜਵਾਨ ਇਨ੍ਹਾਂ ਨੂੰ ਬਾਹਰ ਕੱਢ ਕੇ ਆਪਣਾ ਜੀਵਨ ਬਸਰ ਕਰ ਰਹੇ ਹਨ। ਸ਼ਫੀਕ (20) ਅਤੇ ਅਲੀ (17) ਆਪਣੇ ਸਾਥੀਆਂ ਨਾਲ ਸਮੁੰਦਰ ਵਿਚ ਡੁਬਕੀ ਲਗਾ ਕੇ ਕੀਮਤੀ ਚੀਜ਼ਾਂ ਬਾਹਰ ਕੱਢ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਸਮੁੰਦਰ ਹੇਠੋਂ ਸੋਨੇ ਦੇ ਗਹਿਣੇ, ਚਾਂਦੀ, ਸਿੱਕੇ ਤੇ ਹੋਰ ਕੀਮਤੀ ਚੀਜ਼ਾਂ ਕੱਢ ਲਿਆਉਂਂਦੇ ਹਨ। ਸ਼ਫੀਕ ਨੇ ਦੱਸਿਆ ਕਿ ਅਸੀਂ ਹੁਣ ਆਦੀ ਹੋ ਗਏ ਹਾਂ ਤੇ ਲੰਮੇ ਸਮੇਂ ਤਕ ਆਪਣਾ ਸਾਹ ਰੋਕ ਕੇ ਅਸੀਂ ਸਮੁੰਦਰ ਦੇ ਤਲ ਤੋਂ ਕੀਮਤੀ ਚੀਜ਼ਾਂ ਕੱਢ ਲਿਆਉਂਦੇ ਹਾਂ। ਇਹ ਪੁੱਛਣ 'ਤੇ ਕਿ ਕੀ ਹਿੰਦੂ ਭਾਈਚਾਰੇ ਦੇ ਲੋਕ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਨਹੀਂ ਤਾਂ ਉਨ੍ਹਾਂ ਕਿਹਾ ਕਿ ਉਹ ਕਈ ਵਾਰ ਰੌਲਾ ਪਾਉਂਦੇ ਹਨ ਕਿ ਇੱਥੋਂ ਚਲੇ ਜਾਵੋ। ਸ਼ਫੀਕ ਨੇ ਦੱਸਿਆ ਕਿ ਸਖ਼ਤ ਗਰਮੀ ਦੌਰਾਨ ਅਸੀਂ ਪੂਰਾ ਦਿਨ ਪੁਲ ਦੇ ਹੇਠਾਂ ਰਹਿੰਦੇ ਹਾਂ ਤੇ ਜਦੋਂ ਤਕ ਮੰਦਰ ਖੁੱਲ੍ਹਾ ਰਹਿੰਦਾ ਹੈ ਅਸੀਂ ਉੱਥੇ ਰਹਿੰਦੇ ਹਾਂ ਤੇ ਮੰਦਰ ਵਾਲੇ ਪਾਸਿਉਂ ਕੋਈ ਚੀਜ਼ ਸੁੱਟੇ ਜਾਣ 'ਤੇ ਉਸ ਨੂੰ ਤੁਰੰਤ ਬਾਹਰ ਕੱਢ ਲੈਂਦੇ ਹਾਂ ਤੇ ਇਨ੍ਹਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਾਂ।

ਸ਼ਫੀਕ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਫੈਲਣ ਕਾਰਨ ਮੰਦਰ 'ਚ ਹਿੰਦੂਆਂ ਦਾ ਆਉਣਾ ਘਟਿਆ ਹੈ ਜਿਸ ਦਾ ਅਸਰ ਉਨ੍ਹਾਂ ਦੀ ਕਮਾਈ 'ਤੇ ਪਿਆ ਹੈ। ਮੰਦਰ ਦੇ ਨਿਗਰਾਨ ਵਿਵੇਕ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਅਸੀਂ ਮੰਦਰ ਵਿਚ ਸਰੀਰਕ ਦੂਰੀ ਰੱਖਦੇ ਹਾਂ ਤੇ ਇਕ ਸਮੇਂ ਪੰਜ ਤੋਂ ਜ਼ਿਆਦਾ ਲੋਕਾਂ ਨੂੰ ਮੰਦਰ ਵਿਚ ਨਹੀਂ ਆਉਣ ਦਿੰਦੇ।

ਅੱਠ ਸਾਲ ਪਹਿਲੇ ਸਿੰਧ ਹਾਈ ਕੋਰਟ ਨੇ ਕਰਾਚੀ ਪੋਰਟ ਅਥਾਰਟੀ ਨੂੰ ਇਸ ਮੰਦਰ ਨੂੰ ਤੋੜਨ ਤੋਂ ਰੋਕ ਦਿੱਤਾ ਸੀ ਜੋਕਿ ਇੱਥੇ ਫੂਡ ਕੋਰਟ ਦਾ ਨਿਰਮਾਣ ਕਰਨਾ ਚਾਹੁੰਦੀ ਸੀ। ਮੁਸਲਿਮ ਬਹੁਲਤਾ ਵਾਲੇ ਦੇਸ਼ ਪਾਕਿਸਤਾਨ ਵਿਚ ਬਹੁਤ ਸਾਰੇ ਮੰਦਰ ਅਜੇ ਵੀ ਖੁੱਲ੍ਹੇ ਹੋਏ ਹਨ ਜਿਨ੍ਹਾਂ ਵਿਚ ਉੱਤਰੀ-ਪੱਛਮੀ ਚੱਕਵਾਲ ਜ਼ਿਲ੍ਹੇ 'ਚ ਕਟਾਸ ਰਾਜ ਮੰਦਰ ਤੇ ਸਕੂਰ ਜ਼ਿਲ੍ਹੇ 'ਚ ਸਾਧੂ ਬੇਲਾ ਮੰਦਰ ਵਰਣਨਯੋਗ ਹਨ। ਇਕ ਸਰਕਾਰੀ ਅਨੁਮਾਨ ਅਨੁਸਾਰ ਇਸ ਸਮੇਂ ਪਾਕਿਸਤਾਨ 'ਚ 75 ਲੱਖ ਹਿੰਦੂ ਰਹਿੰਦੇ ਹਨ ਜਦਕਿ ਹਿੰਦੂ ਭਾਈਚਾਰੇ ਅਨੁਸਾਰ ਪਾਕਿਸਤਾਨ ਵਿਚ 90 ਲੱਖ ਹਿੰਦੂ ਰਹਿੰਦੇ ਹਨ। ਹਿੰਦੂਆਂ ਦੀ ਜ਼ਿਆਦਾਤਰ ਆਬਾਦੀ ਸਿੰਧ ਸੂਬੇ ਵਿਚ ਰਹਿੰਦੀ ਹੈ ਜਿੱਥੇ ਉਹ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਸਾਰੇ ਤਿਉਹਾਰ ਮਨਾਉਂਦੇ ਹਨ।