ਕਾਬੁਲ (ਏਪੀ) : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਪੱਛਮੀ ਇਲਾਕੇ 'ਚ ਸਥਿਤ ਲੜਕੀਆਂ ਦੇ ਇਕ ਸਕੂਲ ਨੇੜੇ ਹੋਏ ਬੰਬ ਧਮਾਕੇ 'ਚ ਹੁਣ ਤਕ 53 ਲੋਕ ਮਾਰੇ ਗਏ। ਮਾਰੇ ਗਏ ਲੋਕਾਂ 'ਚ ਜ਼ਿਆਦਾਤਰ 11 ਤੋਂ 15 ਸਾਲ ਦੇ ਬੱਚੇ ਹਨ, ਜਿਨ੍ਹਾਂ 'ਚ ਸਕੂਲ ਦੀਆਂ ਵਿਦਿਆਰਥਣਾਂ ਵੀ ਹੋ ਸਕਦੀਆਂ ਹਨ। ਤਾਲਿਬਾਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਹਮਲੇ 'ਚ ਆਪਣਾ ਕਿਸੇ ਤਰ੍ਹਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ।

ਗ੍ਰਹਿ ਮੰਤਰਾਲੇ ਦੇ ਬੁਲਾਰੇ ਤਾਰਿਕ ਆਰਿਅਨ ਮੁਤਾਬਕ ਘਟਨਾ ਦੀ ਜਾਂਚ ਸ਼ੁਰੂ ਹੋ ਗਈ ਹੈ। ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਜਿਸ ਇਲਾਕੇ 'ਚ ਇਹ ਧਮਾਕਾ ਹੋਇਆ ਹੈ ਉਸ ਇਲਾਕੇ 'ਚ ਵੱਡੀ ਗਿਣਤੀ 'ਚ ਸ਼ਿਆ ਮੁਸਲਮਾਨ ਰਹਿੰਦੇ ਹਨ। ਇਸ ਲਿਹਾਜ਼ ਨਾਲ ਸ਼ੱਕ ਅੱਤਵਾਦੀ ਸੰਗਠਨ ਆਈਐੱਸ 'ਤੇ ਵੀ ਜਾ ਰਿਹਾ ਹੈ। ਅਫ਼ਗਾਨਿਸਤਾਨ 'ਚ ਪੈਰ ਪੱਕੇ ਕਰਨ ਲਈ ਆਈਐੱਸ ਨੇ ਹਾਲ ਦੇ ਸਾਲਾਂ 'ਚ ਇਸ ਤਰ੍ਹਾਂ ਦੀਆਂ ਕਈ ਸਨਸਨੀਖੇਜ਼ ਵਾਰਦਾਤਾਂ ਕੀਤੀਆਂ ਹਨ। ਜਿਸ ਸਕੂਲ ਨੇੜੇ ਧਮਾਕਾ ਹੋਇਆ ਹੈ ਉਸਦਾ ਨਾਂ ਸੈਯਦ ਅਲ-ਸ਼ਾਹਦਾ ਸਕੂਲ ਹੈ। ਇਸ ਸਕੂਲ ਦੀ ਇਮਾਰਤ ਨੂੰ ਵੀ ਧਮਾਕੇ ਨਾਲ ਨੁਕਸਾਨ ਹੋਇਆ ਹੈ। ਨੇੜੇ ਰਹਿਣ ਵਾਲੇ ਨਾਸਰ ਰਹੀਮੀ ਮੁਤਾਬਕ ਇਕ ਤੋਂ ਬਾਅਦ ਇਕ ਤਿੰਨ ਧਮਾਕਿਆਂ ਦੀ ਆਵਾਜ਼ ਸੁਣੀ ਗਈ ਅਤੇ ਉਸ ਤੋਂ ਬਾਅਦ ਇਲਾਕੇ 'ਚ ਲਾਸ਼ਾਂ ਦੀ ਅੰਗ ਖਿੱਲਰੇ ਪਏ ਸਨ। ਇਸ ਤੋਂ ਬਾਅਦ ਉੱਥੇ ਮੁਹੱਈਆ ਸਾਧਨਾਂ ਅਤੇ ਐਂਬੂਲੈਂਸ ਨਾਲ ਜ਼ਖ਼ਮੀਆਂ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ।

ਹਾਲ ਹੀ 'ਚ ਅਫ਼ਗਾਨਿਸਤਾਨ ਦੇ ਸੁੰਨੀ ਮੁਸਲਮਾਨਾਂ ਦੇ ਇਕ ਕੱਟੜਪੰਥੀ ਸਮੂਹ ਨੇ ਦੇਸ਼ 'ਚ ਸ਼ਿਆ ਮੁਸਲਮਾਨਾਂ ਖ਼ਿਲਾਫ਼ ਜੰਗ ਛੇੜਨ ਦਾ ਐਲਾਨ ਕੀਤਾ ਸੀ। ਸ਼ੱਕ ਉਸ 'ਤੇ ਵੀ ਕੀਤਾ ਜਾ ਰਿਹਾ ਹੈ ਪਰ ਅਮਰੀਕਾ ਪਹਿਲਾਂ ਵੀ ਇਸ ਤਰ੍ਹਾਂ ਦੇ ਹਮਲੇ ਲਈ ਆਈਐੱਸ ਵੱਲ ਉਂਗਲੀ ਕਰ ਚੁੱਕਾ ਹੈ।