ਲੰਡਨ (ਏਜੰਸੀਆਂ) : ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਪਿੱਛੋਂ ਲੰਬੇ ਸਮੇਂ ਤੋਂ ਪਾਬੰਦੀਆਂ ਅਤੇ ਲਾਕਡਾਊਨ ਤੋਂ ਹੁਣ ਬਿ੍ਟੇਨ ਬਾਹਰ ਆਉਣ ਲਈ ਤਿਆਰ ਹੈ। ਰਾਹਤ ਦੇ ਰੋਡਮੈਪ ਦਾ ਐਲਾਨ ਸੰਸਦ ਵਿਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕਰਨਗੇ।


ਬਿ੍ਟੇਨ 'ਚ ਹੁਣ ਤਕ ਇਕ ਲੱਖ 20 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਇਨਫੈਕਸ਼ਨ ਦਾ ਸ਼ਿਕਾਰ ਹੋ ਕੇ ਜਾਨ ਗੁਆ ਚੁੱਕੇ ਹਨ। ਆਰਥਿਕ ਸਥਿਤੀ ਬੁਰੀ ਤਰ੍ਹਾਂ ਵਿਗੜ ਚੁੱਕੀ ਹੈ। ਬਿ੍ਟੇਨ ਨੇ ਇਸ 'ਤੇ ਕਾਬੂ ਪਾਉਣ ਲਈ ਵੈਕਸੀਨ ਲਗਾਉਣ ਦਾ ਕੰਮ ਜੰਗੀ ਪੱਧਰ 'ਤੇ ਕੀਤਾ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਐਲਾਨ ਕੀਤਾ ਹੈ ਕਿ ਹੁਣ ਹੌਲੀ-ਹੌਲੀ ਹਾਲਾਤ ਨੂੰ ਆਮ ਵਾਂਗ ਕੀਤਾ ਜਾਵੇਗਾ। ਪਹਿਲੀ ਤਰਜੀਹ ਬੱਚਿਆਂ ਨੂੰ ਸਕੂਲ ਭੇਜੇ ਜਾਣ ਦੀ ਹੈ। ਲੋਕਾਂ ਦਾ ਆਪਣੇ ਪਰਿਵਾਰ ਨੂੰ ਮਿਲਣਾ ਵੀ ਸੁਰੱਖਿਆ ਨਾਲ ਹੁਣ ਸ਼ੁਰੂ ਹੋਣਾ ਚਾਹੀਦਾ ਹੈ।


ਲਾਕਡਾਊਨ ਤੋਂ ਬਾਹਰ ਨਿਕਲਣ ਲਈ ਰੋਡਮੈਪ ਨੂੰ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸੰਸਦ ਵਿਚ ਦੱਸਣਗੇ। ਬਾਅਦ ਵਿਚ ਉਸ 'ਤੇ ਸਾਰੇ ਐੱਮਪੀਜ਼ ਵੋਟਿੰਗ ਵੀ ਕਰਨਗੇ। ਫਿਲਹਾਲ ਬਿ੍ਟੇਨ ਵਿਚ ਹਰ ਰੋਜ਼ 11 ਹਜ਼ਾਰ ਤੋਂ ਜ਼ਿਆਦਾ ਨਵੇਂ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆ ਰਹੇ ਹਨ। ਵੈਕਸੀਨ ਮੰਤਰੀ ਨਾਧਿਮ ਜਹਾਵੀ ਨੇ ਕਿਹਾ ਕਿ ਅੱਠ ਮਾਰਚ ਤੋਂ ਸਕੂਲ ਖੋਲ੍ਹਣ ਦੀ ਯੋਜਨਾ ਹੈ। 28 ਮਾਰਚ ਤੋਂ ਦੋ ਪਰਿਵਾਰਾਂ ਜਾਂ ਛੇ ਲੋਕਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਹੋਵੇਗੀ, ਇਸ ਦੇ ਨਾਲ ਹੀ ਖੇਡ ਦੇ ਮੈਦਾਨ ਵੀ ਖੋਲ੍ਹ ਦਿੱਤੇ ਜਾਣਗੇ।

ਪ੍ਰਧਾਨ ਮੰਤਰੀ ਬੋਰਿਸ ਜੌਨਸਨ 'ਤੇ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦਾ ਆਰਥਿਕ ਸਰਗਰਮੀਆਂ ਨੂੰ ਸ਼ੁਰੂ ਕਰਨ ਦਾ ਦਬਾਅ ਹੈ। ਨਾਲ ਹੀ ਵਿਗਿਆਨੀਆਂ ਦੀ ਇਹ ਚਿਤਾਵਨੀ ਵੀ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀ ਹੈ ਕਿ ਜਲਦਬਾਜ਼ੀ ਕਰਨ 'ਤੇ ਵਾਇਰਸ ਫਿਰ ਫੈਲ ਸਕਦਾ ਹੈ। ਬਿ੍ਟੇਨ ਵਿਚ ਹੁਣ ਤਕ ਇਕ ਕਰੋੜ 70 ਲੱਖ ਤੋਂ ਜ਼ਿਆਦਾ ਲੋਕਾਂ ਦੇ ਵੈਕਸੀਨ ਲੱਗ ਚੁੱਕੀ ਹੈ। ਜੁਲਾਈ ਤਕ ਸਭ ਨੂੰ ਵੈਕਸੀਨ ਲਗਾਉਣ ਦਾ ਟੀਚਾ ਹੈ।


ਅਮਰੀਕਾ 'ਚ ਮੌਤਾਂ ਦਾ ਅੰਕੜਾ ਪੰਜ ਲੱਖ ਦੇ ਕਰੀਬ


ਕੋਰੋਨਾ ਦੇ ਮਾਮਲਿਆਂ ਵਿਚ ਕਮੀ ਆਉਣ ਦੇ ਬਾਅਦ ਵੀ ਅਮਰੀਕਾ ਵਿਚ ਮਰਨ ਵਾਲਿਆਂ ਦਾ ਅੰਕੜਾ ਪੰਜ ਲੱਖ ਦੇ ਕਰੀਬ ਪੁੱਜ ਗਿਆ ਹੈ। ਮਰਨ ਵਾਲਿਆਂ ਦੀ ਵੱਡੀ ਗਿਣਤੀ ਵਿਚ ਵ੍ਹਾਈਟ ਹਾਊਸ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਦੁੱਖ ਦੀ ਘੜੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਪ੍ਰਥਮ ਮਹਿਲਾ ਜਿਲ ਬਾਇਡਨ, ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸੈਕੰਡ ਜੈਂਟਲਮੈਨ ਡਗਲਸ ਐਮਹਾਕ ਕੈਂਡਲ ਸਮਾਗਮ ਵਿਚ ਹਿੱਸਾ ਲੈਣਗੇ।


ਨਿਊਜ਼ੀਲੈਂਡ 'ਚ ਲਾਕਡਾਊਨ ਤੋਂ ਰਾਹਤ


ਆਕਲੈਂਡ ਵਿਚ ਲੰਬੇ ਸਮੇਂ ਤੋਂ ਚਲੇ ਆ ਰਹੇ ਲਾਕਡਾਊਨ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਆਕਲੈਂਡ ਵਿਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਆਉਣ ਪਿੱਛੋਂ ਇੱਥੇ ਤਿੰਨ ਦਿਨਾਂ ਲਈ ਲਾਕਡਾਊਨ ਲਗਾ ਦਿੱਤਾ ਗਿਆ ਸੀ। ਨਿਊਜ਼ੀਲੈਂਡ ਵਿਚ ਵੈਕਸੀਨ ਲੱਗਣ ਦਾ ਕੰਮ ਸ਼ੁਰੂ ਹੋਣ ਦੇ ਬਾਅਦ ਹੁਣ ਆਸਟ੍ਰੇਲੀਆ ਨੇ ਵੀ ਆਪਣੇ ਉੱਥੇ ਵੈਕਸੀਨ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

Posted By: Ravneet Kaur