ਟੋਕੀਓ (ਏਪੀ) : ਜਾਪਾਨ ਨੇ ਚੀਨ ਕੋਲ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਕਿ ਉਹ ਨਿਰੰਤਰ ਉਸਦੇ ਇਲਾਕੇ ਦੇ ਟਾਪੂਆਂ 'ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਆਪਣੇ ਵਫਦ ਨਾਲ ਦੋ ਦਿਨਾ ਯਾਤਰਾ 'ਤੇ ਜਾਪਾਨ ਪਹੁੰਚੇ ਹਨ ਤੇ ਪ੍ਰਮੁੱਖ ਤੌਰ ਸੇਨਕਾਕੂ ਟਾਪੂ ਦੇ ਵਿਵਾਦ ਤੇ ਘੁਸਪੈਠ ਦੇ ਮੁੱਦੇ 'ਤੇ ਹੀ ਦੋਵੇਂ ਧਿਰਾਂ ਵਿਚਾਲੇ ਗੱਲਬਾਤ ਹੋ ਰਹੀ ਹੈ।

ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਕੇਟਸੁਨੋਬੂ ਕੇਟੋ ਨੇ ਗੱਲਬਾਤ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਘੁਸਪੈਠ ਦਾ ਮਾਮਲਾ ਗੰਭੀਰ ਹੈ। ਦੋਵੇਂ ਹੀ ਧਿਰਾਂ ਸਹਿਮਤ ਹਨ ਕਿ ਉਹ ਭੜਕਾਉਣ ਵਾਲੀਆਂ ਸਰਗਰਮੀਆਂ ਤੋਂ ਪਰਹੇਜ਼ ਕਰਨਗੇ। ਯਾਦ ਰਹੇ ਕਿ ਪੂਰਬੀ ਚੀਨ ਸਾਗਰ ਦੇ ਸੇਨਕਾਕੂ ਟਾਪੂ 'ਤੇ ਨਿਰੰਤਰ ਚੀਨ ਘੁਸਪੈਠ ਦੀ ਕੋਸ਼ਿਸ ਕਰਦਾ ਰਿਹਾ ਹੈ, ਉਹ ਇਸਨੂੰ ਆਪਣਾ ਡਿਆਓਯੂ ਟਾਪੂ ਦੱਸਦਾ ਹੈ। ਇਸ ਮੁੱਦੇ 'ਤੇ ਦੋਵੇਂ ਦੇਸ਼ਾਂ ਵਿਚਾਲੇ ਤਣਾਅ ਵੱਧ ਰਿਹਾ ਹੈ। ਕੇਟੋ ਨੇ ਕਿਹਾ ਕਿ ਇਸ ਸਾਲ ਚੀਨ 306 ਵਾਰੀ ਘੁਸਪੈਠ ਦੀ ਕੋਸ਼ਿਸ਼ ਕਰ ਚੁੱਕਾ ਹੈ। ਅਸੀਂ ਇੱਥੇ ਆਏ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੂੰ ਆਪਣਾ ਵਿਰੋਧ ਪ੍ਰਗਟਾਅ ਦਿੱਤਾ ਹੈ।

Posted By: Sunil Thapa