ਕਿਊਸ਼ੂ: ਜਾਪਾਨ ਦੇ ਦੱਖਣੀ-ਪੱਛਮੀ ਇਲਾਕੇ ’ਚੋਂ ਛੇ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਆਦੇਸ਼ ਦਿੱਤੇ ਗਏ ਹਨ। ਮੋਹਲੇਧਾਰ ਬਾਰਿਸ਼ ਕਾਰਨ ਇਲਾਕੇ ਦੀਆਂ ਨਦੀਆਂ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਗਿਆ ਹੈ। ਇਲਾਕੇ ਨੂੰ ਖਾਲੀ ਕਰਵਾਉਣ ਦਾ ਇਹ ਆਦੇਸ਼ ਉੱਤਰੀ ਕਿਊਸ਼ੂ ਦੇ ਸਾਗਾ, ਫੋਕੁਓਕਾ ਤੇ ਨਾਗਾਸਾਕੀ ਲਈ ਦਿੱਤਾ ਗਿਆ ਹੈ।

ਸਾਗਾ ਇਲਾਕੇ ’ਚ ਸਥਿਤ ਰੇਲਵੇ ਸਟੇਸ਼ਨ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਿਆ ਹੈ ਤੇ ਕਈ ਵਾਹਨ ਡੁੱਬ ਗਏ ਹਨ। ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੀ ਵੀ ਖ਼ਬਰ ਹੈ। ਇਸ ਹੜ੍ਹ ਕਾਰਨ ਹੁਣ ਤਕ ਤਿੰਨ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਲਾਪਤਾ ਹੈ।

ਕਿਓਡੋ ਨਿਊਜ਼ ਅਨੁਸਰਾ, ਜਾਪਾਨ ਮੈਟ੍ਰੋਲਾਜੀਕਲ ਏਜੰਸੀ ਨੇ ਜਾਪਾਨ ਦੇ ਪੱਛਮੀ ਤੇ ਉੱਤਰੀ ਇਲਾਕੇ ’ਚ ਸ਼ੁੱਕਰਵਾਰ ਨੂੰ ਭਾਰੀ ਬਾਰਿਸ਼ ਦਾ ਖ਼ਦਸ਼ਾ ਜਤਾਇਆ ਸੀ। ਕਿਊਸ਼ੂ ਰੇਲਵੇ ਕੰਪਨੀ ਨੇ ਕਈ ਸੇਵਾਵਾਂ ਰੱਦ ਕਰ ਦਿੱਤੀਆਂ। ਦੇਸ਼ ਦੇ ਮੌਸਮ ਸੰਗਠਨ ਵੱਲੋਂ ਉੱਤਰੀ ਕਿਊਸ਼ੂ ਦੇ ਕੁਝ ਹਿੱਸਿਆਂ ’ਚ ਅਲਰਟ ਜਾਰੀ ਕੀਤਾ ਸੀ ਤੇ ਕਰੀਬ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਆਪਣੇ ਘਰਾਂ ਨੂੰ ਛੱਡਣ ਦੀ ਸਲਾਹ ਦਿੱਤੀ ਗਈ।

ਕਈ ਇਲਾਕਿਆਂ ’ਚ ਹੜ੍ਹ ਕਾਰਨ ਹੋਏ ਨੁਕਸਾਨ ਦੀ ਖ਼ਬਰ ਆ ਰਹੀ ਹੈ, ਨਾਲ ਹੀ ਆਉਣ ਵਾਲੇ ਕੁਝ ਘੰਟਿਆਂ ’ਚ ਗੰਭੀਰ ਨੁਕਸਾਨ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਦੱਸ ਦੇਈਏ ਕਿ ਜਾਪਾਨੀ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਲਗਾਤਾਰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ।

Posted By: Akash Deep