ਕਮਲਜੀਤ ਬੁੱਟਰ, ਕੈਲਗਰੀ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੀ 9 ਜਨਵਰੀ ਨੂੰ ਤਿੰਨ ਹਲਕਿਆਂ 'ਤੇ ਜ਼ਿਮਨੀ ਚੋਣਾਂ 25 ਫਰਵਰੀ ਨੂੰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਬ੍ਰਿਟਿਸ਼ ਕੋਲੰਬੀਆ, ਓਂਟਾਰੀਓ ਤੇ ਮਾਂਟਰੀਅਲ ਰਾਜਾਂ ਦੇ ਤਿੰਨ ਹਲਕਿਆਂ 'ਚ ਚੋਣ ਕਰਵਾਈ ਜਾ ਰਹੀ ਹੈ।

ਜ਼ਿਮਨੀ ਚੋਣ ਹਰ ਸਾਲ ਕਿਸੇ ਨਾ ਕਿਸੇ ਕਾਰਨ ਕਰਕੇ ਹੁੰਦੀ ਹੀ ਰਹਿੰਦੀ ਹੈ ਪਰ ਇਸ ਚੋਣ ਦੀ ਚਰਚਾ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਨਿਊ ਡੈਮੋਕ੍ਰੈਟਿਕ ਪਾਰਟੀ (ਐੱਨਡੀਪੀ) ਦੇ ਆਗੂ ਜਗਮੀਤ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਬਰਨਬੀ ਹਲਕੇ ਤੋਂ ਇਹ ਜ਼ਿਮਨੀ ਚੋਣ ਲੜ ਰਹੇ ਹਨ। ਜਗਮੀਤ ਸਿੰਘ ਪਾਰਟੀ ਦੇ ਆਗੂ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਹਨ। ਜੇਕਰ ਉਹ ਇਹ ਚੋਣ ਹਾਰ ਜਾਂਦੇ ਹਨ ਤਾਂ ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਅਧੂਰਾ ਹੀ ਰਹਿ ਸਕਦਾ ਹੈ। ਜਗਮੀਤ ਸਿੰਘ ਦੀ ਰਿਹਾਇਸ਼ ਤਾਂ ਓਂਟਾਰੀਓ 'ਚ ਹੈ ਪਰ ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਚੋਣ ਲੜਨ ਇਸ ਲਈ ਆਉਣਾ ਪਿਆ ਬੀਸੀ 'ਚ ਪੰਜਾਬੀ ਭਾਈਚਾਰੇ ਦੀ ਵੱਡੀ ਵਸੋਂ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਇਥੋਂ ਜਿੱਤਣਾ ਸੌਖਾ ਹੈ ਤੇ ਦੂਜਾ ਉਨ੍ਹਾਂ ਲਈ ਚੋਣ ਲੜਨਾ ਵੀ ਜ਼ਰੂਰੀ ਸੀ ਕਿ ਉਹ ਪਾਰਟੀ ਪ੍ਰਧਾਨ ਹੁੰਦੇ ਹੋਏ ਵੀ ਪਾਰਲੀਮੈਂਟ 'ਚ ਟਰੂਡੋ ਨੂੰ ਕੋਈ ਸਵਾਲ ਨਹੀਂ ਸੀ ਕਰ ਸਕਦੇ ਇਸ ਲਈ ਉਨ੍ਹਾਂ ਦਾ ਪਾਰਲੀਮੈਂਟ ਪਹੁੰਚਣਾ ਵੀ ਜ਼ਰੂਰੀ ਸੀ। ਬਰਨਬੀ ਹਲਕੇ ਦੀ ਜ਼ਿਮਨੀ ਚੋਣ ਇਸ ਲਈ ਕਰਵਾਈ ਜਾ ਰਹੀ ਹੈ ਕਿ ਪਹਿਲਾਂ ਜਿੱਤੇ ਐੱਨ ਕੈਨੇਡੀ ਅਸਤੀਫ਼ਾ ਦੇ ਕੇ ਵੈਨਕੂਵਰ ਦੇ ਮੇਅਰ ਚੁਣੇ ਗਏ ਹਨ।

ਕੌਣ ਹੈ ਜਗਮੀਤ ਸਿੰਘ

ਜਗਮੀਤ ਸਿੰਘ ਦਾ ਜਨਮ ਤਾਂ ਭਾਵੇਂ ਟੋਰਾਂਟੋ ਸ਼ਹਿਰ ਦਾ ਹੈ ਪਰ ਉਸ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਹੈ। ਪਰਜਾ ਮੰਡਲ ਲਹਿਰ ਦੇ ਆਗੂ ਸੇਵਾ ਸਿੰਘ ਠੀਕਰੀਵਾਲ ਜਗਮੀਤ ਦੇ ਪੜਦਾਦਾ ਸਨ, ਪੜਦਾਦੇ ਦਾ ਅਸਰ ਜਗਮੀਤ ਸਿੰਘ 'ਤੇ ਵੀ ਦੇਖਣ ਨੂੰ ਮਿਲਦਾ ਜਦੋਂ ਉਹ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਖੜੇ ਦਿਖਾਈ ਦਿੰਦੇ ਹਨ। ਜਗਮੀਤ ਸਿੰਘ ਨੇ ਪੰਜਾਬ ਜਾਂ ਵਿਦੇਸ਼ਾਂ 'ਚ ਸਿੱਖਾਂ 'ਤੇ ਹੁੰਦੇ ਹਮਲਿਆਂ ਦਾ ਹਮੇਸ਼ਾ ਡੱਟ ਕੇ ਵਿਰੋਧ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਇਕ ਵਾਰ ਭਾਰਤ ਸਰਕਾਰ ਵੱਲੋਂ ਭਾਰਤ ਆਉਣਂੋ ਵੀ ਰੋਕਿਆ ਗਿਆ ਸੀ। ਹੁਣ ਵੀ ਲਿਬਰਲ ਸਰਕਾਰ ਵੱਲੋਂ ਜਾਰੀ ਹੋਈ ਇਕ ਰਿਪੋਰਟ ਜਿਸ 'ਚ ਖ਼ਾਲਿਸਤਾਨੀਆਂ ਨੂੰ ਦੇਸ਼ ਲਈ ਅੱਤਵਾਦੀ ਖ਼ਤਰਾ ਦੱਸਿਆ ਗਿਆ ਉਸ ਦਾ ਵੀ ਜਗਮੀਤ ਹਰ ਥਾਂ 'ਤੇ ਵਿਰੋਧ ਕਰ ਰਿਹਾ ਹੈ ਤੇ ਲਿਬਰਲ ਸਰਕਾਰ ਨੂੰ ਮਾਫ਼ੀ ਮੰਗਣ ਲਈ ਆਖ ਰਿਹਾ ਹੈ ਕਿਉਕਿ ਉਸ ਦਾ ਮੰਨਣਾ ਹੈ ਇਸ ਦੇ ਨਾਲ ਬਾਣਾਧਾਰੀ ਹਰ ਸਿੱਖ ਨੂੰ ਹਰ ਥਾਂ 'ਤੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ।