ਏਐਨ.ਆਈ, ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਦੇ ਪ੍ਰਸ਼ਾਸਨ ਵੱਲੋਂ ਭਾਰਤ ਦੇ ਭਵਿੱਖੀ ਰਾਜਦੂਤ ਵਜੋਂ ਨਾਮਜ਼ਦ ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ ਵਿਵਾਦਾਂ ਵਿੱਚ ਘਿਰ ਗਏ ਹਨ। ਇਸ ਹਫਤੇ ਸੈਨੇਟ ਦੀ ਇੱਕ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਗਾਰਸੇਟੀ ਨੇ ਇੱਕ ਚੋਟੀ ਦੇ ਸਹਾਇਕ ਦੁਆਰਾ ਕਥਿਤ ਜਿਨਸੀ ਸ਼ੋਸ਼ਣ ਨੂੰ ਨਜ਼ਰਅੰਦਾਜ਼ ਕੀਤਾ ਹੈ। ਇਸ ਨਾਲ ਭਾਰਤ 'ਚ ਅਮਰੀਕੀ ਰਾਜਦੂਤ ਦਾ ਅਹੁਦਾ ਸੰਭਾਲਣ ਦੀ ਉਸ ਦੀ ਉਡੀਕ ਲੰਮੀ ਹੋ ਸਕਦੀ ਹੈ।

ਰਿਪਬਲਿਕਨ ਸੰਸਦ ਮੈਂਬਰ ਚੱਕ ਗ੍ਰਾਸਲੇ ਨੇ 23 ਪੰਨਿਆਂ ਦੀ ਵਿਸਤ੍ਰਿਤ ਜਾਂਚ ਰਿਪੋਰਟ ਵਿੱਚ ਕਿਹਾ ਕਿ ਕਈ ਵ੍ਹਿਸਲ-ਬਲੋਅਰਜ਼ ਨੇ ਗਾਰਸੇਟੀ ਦੇ ਨਜ਼ਦੀਕੀ ਸਲਾਹਕਾਰ ਅਤੇ ਉਸ ਦੇ ਸਾਬਕਾ ਡਿਪਟੀ ਚੀਫ਼ ਆਫ਼ ਸਟਾਫ਼ ਰਿਕ ਜੈਕਬਜ਼ ਦੇ ਖਿਲਾਫ ਗੰਭੀਰ ਦੋਸ਼ ਲਗਾਏ ਹਨ। ਗ੍ਰਾਸਲੇ ਉਨ੍ਹਾਂ ਸੰਸਦ ਮੈਂਬਰਾਂ ਵਿੱਚੋਂ ਇੱਕ ਹੈ ਜੋ ਗਾਰਸੇਟੀ ਨੂੰ ਭਾਰਤ ਦੇ ਨਵੇਂ ਰਾਜਦੂਤ ਵਜੋਂ ਪੁਸ਼ਟੀ ਕਰਨ ਵਿੱਚ ਦੇਰੀ ਦੀ ਮੰਗ ਕਰ ਰਹੇ ਹਨ।

ਗਾਰਸੇਟੀ ਦੇ ਦਫ਼ਤਰ ਨੇ ਲਗਾਤਾਰ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਮੇਅਰ ਨੇ ਜਿਨਸੀ ਸ਼ੋਸ਼ਣ ਦੀ ਕੋਈ ਘਟਨਾ ਦੇਖੀ ਜਾਂ ਉਸ ਨੂੰ ਅਜਿਹੀਆਂ ਘਟਨਾਵਾਂ ਦੀ ਜਾਣਕਾਰੀ ਸੀ। ਮੇਅਰ ਦੇ ਬੁਲਾਰੇ ਡੀ ਲੇਵਿਨ ਦੇ ਅਨੁਸਾਰ, "ਰਿਪੋਰਟਾਂ ਝੂਠੇ ਦੋਸ਼ਾਂ 'ਤੇ ਅਧਾਰਤ ਹਨ।" ਨਿਰਪੱਖ ਜਾਂਚ ਅਤੇ ਸਮੀਖਿਆ ਵਿੱਚ ਵੀ ਇਹ ਦੋਸ਼ ਝੂਠੇ ਸਾਬਤ ਹੋਏ ਹਨ।

ਰਿਪੋਰਟ ਦੇ ਮੁਤਾਬਕ, 'ਇਸ ਜਾਂਚ ਦਾ ਦਾਇਰਾ ਇਹ ਤੈਅ ਕਰਨ ਲਈ ਸੀਮਤ ਹੈ ਕਿ ਕੀ ਮੇਅਰ ਗਾਰਸੇਟੀ ਨੂੰ ਜੈਕਬਸ ਦੁਆਰਾ ਦੂਜਿਆਂ 'ਤੇ ਕੀਤੇ ਗਏ ਜਿਨਸੀ ਸ਼ੋਸ਼ਣ ਜਾਂ ਨਸਲੀ ਟਿੱਪਣੀਆਂ ਬਾਰੇ ਪਤਾ ਸੀ।' ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੈਕਬਸ 2003-04 ਤੋਂ ਗਾਰਸੇਟੀ ਨੂੰ ਜਾਣਦਾ ਹੈ। ਗਾਰਸੇਟੀ ਨੇ ਮੇਅਰ ਬਣਨ ਤੋਂ ਤੁਰੰਤ ਬਾਅਦ, ਜੁਲਾਈ 2013 ਵਿੱਚ ਜੈਕਬਜ਼ ਨੂੰ ਆਪਣਾ ਡਿਪਟੀ ਚੀਫ਼ ਆਫ਼ ਸਟਾਫ਼ ਨਿਯੁਕਤ ਕੀਤਾ।

Posted By: Jaswinder Duhra