ਸ੍ਰੀਹਰੀਕੋਟਾ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਬੁੱਧਵਾਰ ਸਵੇਰੇ ਆਧੁਨਿਕ ਪਿ੍ਥਵੀ ਨਿਗਰਾਨੀ ਉਪਗ੍ਰਹਿ 'ਰਿਸੈੱਟ-2ਬੀ' (ਰਡਾਰ ਇਮੇਜਿੰਗ ਸੈਟਲਾਈਟ 2-ਬੀ) ਨੂੰ ਕਾਮਯਾਬੀ ਨਾਲ ਪੰਧ ਵਿਚ ਸਥਾਪਤ ਕਰ ਦਿੱਤਾ। ਇਸ ਨੂੰ ਜਾਸੂਸੀ ਉਪਗ੍ਰਹਿ ਵੀ ਕਿਹਾ ਗਿਆ ਹੈ ਕਿਉਂਕਿ ਇਹ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਅੱਤਵਾਦੀ ਕੈਂਪਾਂ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਦੇਸ਼ ਦੀਆਂ ਹੋਰ ਫ਼ੌਜੀ ਤੇ ਨਾਗਰਿਕ ਨਿਗਰਾਨੀ ਸਮਰੱਥਾਵਾਂ 'ਚ ਇਜ਼ਾਫਾ ਕਰੇਗਾ।

'ਰਿਸੈੱਟ-2ਬੀ' ਸਾਲ 2009 'ਚ ਲਾਂਚ 'ਰਿਸੈੱਟ-2' ਦੀ ਥਾਂ ਲਵੇਗਾ। ਭਾਰਤ ਇਸਦਾ ਇਸਤੇਮਾਲ ਵੀ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ 'ਤੇ ਅੱਤਵਾਦੀ ਕੈਂਪਾਂ 'ਤੇ ਨਜ਼ਰ ਰੱਖਣ ਲਈ ਕਰਦਾ ਰਿਹਾ ਹੈ। ਮੰਗਲਵਾਰ ਨੂੰ ਸ਼ੁਰੂ ਹੋਈ 25 ਘੰਟੇ ਦੀ ਉਲਟੀ ਗਿਣਤੀ ਸਮਾਪਤ ਹੁੰਦੇ ਹੀ ਬੁੱਧਵਾਰ ਸਵੇਰੇ 5.30 ਵਜੇ ਧਰੁਵੀ ਉਪਗ੍ਰਹਿ ਲਾਂਚਿੰਗ ਯਾਨ (ਪੀਐੱਸਐੱਲਵੀ-ਸੀ46) ਨੇ 615 ਕਿੱਲੋ ਵਜ਼ਨ ਵਾਲੇ ਇਸ ਉਪਗ੍ਹਿ ਨਾਲ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਉਡਾਣ ਭਰੀ। ਇਹ ਪੀਐੱਸਐੱਲਵੀ ਦਾ 48ਵਾਂ ਮਿਸ਼ਨ ਸੀ। ਉਡਾਣ ਭਰਨ ਤੋਂ ਕਰੀਬ 15.30 ਮਿੰਟ ਬਾਅਦ 'ਰਿਸੈੱਟ-2ਬੀ' ਨੂੰ ਪੰਧ 'ਚ ਸਥਾਪਤ ਕਰ ਦਿੱਤਾ ਗਿਆ। ਇਸਰੋ ਦੇ ਚੇਅਰਮੈਨ ਕੇ ਸਿਵਨ ਨੇ ਕਿਹਾ ਕਿ ਪੀਐੱਸਐੱਲਵੀ-ਸੀ46 ਨੇ 37 ਡਿਗਰੀ ਝੁਕਾਅ ਨਾਲ ਰਿਸੈੱਟ-2ਬੀ ਨੂੰ 555 ਕਿਲੋਮੀਟਰ ਦੀ ਪੰਧ 'ਚ ਸਥਾਪਤ ਕਰ ਦਿੱਤਾ। ਕੁਝ ਹੀ ਘੰਟਿਆਂ ਬਾਅਦ ਬੈਂਗਲੁਰੂ ਸਥਿਤ ਟੈਲੀਮੈਟਰੀ ਟ੍ਰੈਕਿੰਗ ਐਂਡ ਕਮਾਂਡ ਨੈਟਵਰਕ ਨੇ ਉਪਗ੍ਰਹਿ ਤੇ ਕੰਟਰੋਲ ਹਾਸਲ ਕਰ ਲਿਆ। ਇਸਦੇ ਨਾਲ ਹੀ ਪੀਐੱਸਐੱਲਵੀ ਹੁਣ ਤਕ 354 ਉਪਗ੍ਰਹਿਆਂ ਦੇ ਲਾਂਚ ਦੇ ਨਾਲ 50 ਟਨ ਵਜ਼ਨ ਪੁਲਾੜ ਵਿਚ ਪਹੁੰਚਾ ਚੁੱਕਾ ਹੈ। ਇਨ੍ਹਾਂ 'ਚ ਰਾਸ਼ਟਰੀ, ਵਿਦਿਆਰਥੀ ਤੇ ਵਿਦੇਸ਼ੀ ਉਪਗ੍ਰਹਿ ਸ਼ਾਮਲ ਹਨ।

ਦੋ ਹੋਰ ਪੇਲੋਡ ਵੀ ਲਾਂਚ

ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਪੀਐੱਸਐੱਲਵੀ-ਸੀ6 ਆਪਣੇ ਨਾਲ ਦੋ ਮਹੱਤਵਪੂਰਣ ਪੇਲੋਡ-ਇਕ ਦੇਸੀ ਨਿਰਮਤ ਵਿਕਰਮ ਪ੍ਰੋਸੈਸਰ ਤੇ ਇਕ ਘੱਟ ਕੀਮਤ ਦਾ 'ਇਨਰਸ਼ਲ ਨੇਵੀਗੇਸ਼ਨ ਸਿਸਟਮ' ਵੀ ਲੈ ਕੇ ਗਿਆ ਸੀ। ਦੋਵਾਂ ਨੂੰ ਕ੍ਰਮਵਾਰ ਸੈਮੀ ਕੰਡਕਟਰ ਲੈਬਾਰਟਰੀ ਚੰਡੀਗੜ੍ਹ ਤੇ ਇਸਰੋ ਇਨਰਸ਼ਲ ਸਿਸਟਮ ਯੂਨਿਟ ਤਿਰੁਵਨੰਤਪੁਰਮ 'ਚ ਵਿਕਸਤ ਕੀਤਾ ਗਿਆ ਹੈ। ਉਨ੍ਹਾਂ ਕਿਹਾ, 'ਇਸ ਨਾਲ ਭਵਿੱਖ ਦੇ ਸਾਡੇ ਲਾਂਚ ਯਾਨ ਮਿਸ਼ਨਾਂ 'ਚ ਕ੍ਰਾਂਤੀ ਆਏਗੀ।'

ਚੰਦਰਯਾਨ-2 ਮਿਸ਼ਨ 9-16 ਜੁਲਾਈ ਤਕ

ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਚੰਦਰਯਾਨ-2 ਮਿਸ਼ਨ ਇਸ ਸਾਲ ਨੌ ਤੋਂ 16 ਜੁਲਾਈ ਤਕ ਪੂਰਾ ਕੀਤਾ ਜਾਵੇਗਾ। ਇਸ ਦੇ ਚੰਦਰਮਾ 'ਤੇ ਛੇ ਸਤੰਬਰ ਨੂੰ ਉਤਰਣ ਦੀ ਉਮੀਦ ਹੈ। ਇਹ ਚੰਦਰਮਾ ਦੇ ਅਜਿਹੇ ਖਾਸ ਸਥਾਨ 'ਤੇ ਉਤਰਣ ਵਾਲਾ ਹੈ, ਜਿੱਥੇ ਪਹਿਲਾਂ ਕੋਈ ਨਹੀਂ ਗਿਆ। ਇਸ ਤੋਂ ਬਾਅਦ ਇਸਰੋ ਬਹੁਤ ਜ਼ਿਆਦਾ ਰੈਜ਼ੋਲਿਊਸ਼ਨ ਵਾਲੇ 'ਕਾਰਟੋਸੈੱਟ-3' ਉਪਗ੍ਰਹਿ ਦੇ ਲਾਂਚ ਕਰਨ 'ਤੇ ਵਿਚਾਰ ਕਰੇਗਾ। ਅਗਲੇ ਮਹੀਨਿਆਂ 'ਚ ਫਿਰ ਇਸਤੇਮਾਲ ਕੀਤੇ ਜਾ ਸਕਣ ਵਾਲੇ ਲਾਂਚਿੰਗ ਯਾਨ ਦਾ ਦੂਜਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।

'ਰਿਸੈੱਟ-2 ਬੀ' ਦੀਆਂ ਖਾਸ ਗੱਲਾਂ

-ਇਹ ਇਕ ਸਿੰਥੈਟਿਕ ਅਪਰਚਰ ਰਡਾਰ ਨਾਲ ਜੁੜਿਆ ਹੈ ਜਿਹੜਾ ਦਿਨ-ਰਾਤ ਦੋਵਾਂ 'ਚ ਅਤੇ ਬੱਦਲ ਛਾਏ ਹੋਣ 'ਤੇ ਵੀ ਪਿ੍ਰਥਵੀ ਦੀ ਤਸਵੀਰ ਲੈਣ 'ਚ ਸਮਰੱਥ ਹੈ।

- ਇਸ ਦੀ ਉਮਰ ਪੰਜ ਸਾਲ ਹੈ ਅਤੇ ਇਸ ਦਾ ਇਸਤੇਮਾਲ ਫ਼ੌਜੀ ਨਿਗਰਾਨੀ ਦੇ ਨਾਲ-ਨਾਲ ਖੇਤੀ, ਜੰਗਲਾਤ ਤੇ ਆਫਤ ਮੈਨੇਜਮੈਂਟ ਵਰਗੇ ਖੇਤਰਾਂ 'ਚ ਸਹਾਇਤਾ ਲਈ ਵੀ ਕੀਤਾ ਜਾ ਸਕੇਗਾ।

- ਇਸ 'ਚ ਇਕ ਬਹੁਤ ਮੁਸ਼ਕਲ ਨਵੀਂ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਗਿਆ ਹੈ। ਇਹ 3.6 ਮੀਟਰ ਦਾ 'ਅਨਫਰਨੇਬਲ ਰੇਡੀਅਲ ਰਿਬ ਐਂਟਨਾ' ਹੈ। ਇਸਰੋ ਦੇ ਚੇਅਰਮੈਨ ਮੁਤਾਬਕ, ਇਹ ਭਵਿੱਖ ਦੀ ਤਕਨੀਕ ਹੋਣ ਵਾਲੀ ਹੈ।