ਯੇਰੂਸ਼ਲਮ (ਪੀਟੀਆਈ) : ਇਜ਼ਰਾਈਲ 'ਚ ਮੰਗਲਵਾਰ ਨੂੰ 22ਵੀਂ ਸੰਸਦੀ ਚੋਣ ਤਹਿਤ ਵੋਟਾਂ ਪਾਈਆਂ ਗਈਆਂ। ਅਪ੍ਰੈਲ 'ਚ ਹੋਈਆਂ ਚੋਣਾਂ 'ਚ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਕਾਰਨ ਪੰਜ ਮਹੀਨੇ ਅੰਦਰ ਦੇਸ਼ 'ਚ ਦੁਬਾਰਾ ਚੋਣਾਂ ਕਰਵਾਉਣੀਆਂ ਪਈਆਂ। ਇਨ੍ਹਾਂ ਚੋਣਾਂ ਨੂੰ ਭਿ੍ਸ਼ਟਾਚਾਰ ਦੇ ਦੋਸ਼ਾਂ 'ਚ ਘਿਰੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸੱਤਾ 'ਚ ਟਿਕੇ ਰਹਿਣ ਦੀ ਰਾਇਸ਼ੁਮਾਰੀ ਦੇ ਤੌਰ 'ਤੇ ਵੀ ਵੇਖਿਆ ਜਾ ਰਿਹਾ ਹੈ। ਨੇਤਨਯਾਹੂ ਪੰਜਵੀਂ ਵਾਰ ਪ੍ਰਧਾਨ ਮੰਤਰੀ ਬਣਨ ਦੀ ਦੌੜ 'ਚ ਸ਼ਾਮਲ ਹਨ।

ਇਜ਼ਰਾਈਲੀ ਸੰਸਦ ਨੇਸੇਟ ਦੀਆਂ 120 ਸੀਟਾਂ ਲਈ ਹੋਏ ਮਤਦਾਨ 'ਚ ਦੇਸ਼ ਦੀ 63 ਲੱਖ ਆਬਾਦੀ ਨੇ ਹਿੱਸਾ ਲਿਆ। ਇਜ਼ਰਾਈਲੀ ਫ਼ੌਜ ਦੇ ਜਵਾਨਾਂ ਨੇ ਸ਼ਨਿਚਰਵਾਰ ਸ਼ਾਮ ਨੂੰ ਹੀ ਦੇਸ਼ ਭਰ ਦੇ ਫ਼ੌਜੀ ਟਿਕਾਣਿਆਂ 'ਚ ਆਪਣੇ ਵੋਟ ਪਾਏ ਸਨ। ਵੱਖ-ਵੱਖ ਦੇਸ਼ਾਂ 'ਚ ਮੌਜੂਦ ਇਜ਼ਰਾਈਲ ਦੇ ਡਿਪਲੋਮੈਟਾਂ ਨੇ ਵੀ ਪਹਿਲਾਂ ਵੀ ਮਤਦਾਨ ਕਰ ਦਿੱਤਾ ਸੀ।

ਸਾਬਕਾ ਫ਼ੌਜ ਮੁਖੀ ਤੋਂ ਨੇਤਨਯਾਹੂ ਨੂੰ ਮਿਲ ਰਹੀ ਚੁਣੌਤੀ

ਦੱਖਣਪੰਥੀ ਲਿਕੁਡ ਪਾਰਟੀ ਦੇ ਮੁਖੀ ਤੇ ਸਭ ਤੋਂ ਲੰਬੇ ਸਮੇਂ ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹਿਣ ਵਾਲੇ ਨੇਤਨਯਾਹੂੁ ਨੂੰ ਸਾਬਕਾ ਫ਼ੌਜ ਮੁਖੀ ਬੇਨੀ ਗੇਂਟਜ ਤੋਂ ਸਖ਼ਤ ਚੁਣੌਤੀ ਮਿਲ ਰਹੀ ਹੈ। ਬਲੂ ਐਂਡ ਵ੍ਹਾਈਟ ਪਾਰਟੀ ਦੇ ਗੇਂਟਜ ਨੇ ਆਪਣਾ ਵੋਟ ਪਾਉਣ ਤੋਂ ਬਾਅਦ ਜਨਤਾ ਨੂੰ ਭਿ੍ਸ਼ਟਾਚਾਰੀ ਤੇ ਕੱਟੜਪੰਥੀ ਸਰਕਾਰ ਨੂੰ ਹਟਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, 'ਸਾਨੂੰ ਨਵੀਂ ਉਮੀਦ ਚਾਹੀਦੀ ਹੈ। ਅਸੀਂ ਬਦਲਾਅ ਲਈ ਮਤਦਾਨ ਕਰ ਰਹੇ ਹਾਂ।' ਨੇਤਨਯਾਹੂ ਨੇ ਵੀ ਪਤਨੀ ਸਾਰਾ ਨਾਲ ਯੇਰੂਸ਼ਲਮ 'ਚ ਮਤਦਾਨ ਕੀਤਾ।

ਸਰਕਾਰ ਗਠਨ ਲਈ ਸਭ ਕੁਝ ਕਰਾਂਗੇ : ਰਾਸ਼ਟਰਪਤੀ

ਇਜ਼ਰਾਈਲ ਦੇ ਰਾਸ਼ਟਰਪਤੀ ਰੁਵੇਨ ਰਿਵਲਿਨ ਨੇ ਵੀਡੀਓ ਸੰਦੇਸ਼ 'ਚ ਕਿਹਾ ਕਿ ਦੇਸ਼ 'ਚ ਛੇਤੀ ਤੋਂ ਛੇਤੀ ਜਨਤਾ ਵੱਲੋਂ ਚੁਣੀ ਹੋਈ ਸਰਕਾਰ ਦਾ ਗਠਨ ਕਰਨ ਤੇ ਮੁੜ ਚੋਣਾਂ ਤੋਂ ਬਚਣ ਲਈ ਉਹ ਸਾਰੇ ਯਤਨ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸੰਸਦ ਸਰਕਾਰ ਬਣਾਉਣ 'ਚ ਅਸਫਲ ਰਹਿੰਦੀ ਹੈ ਜਾਂ ਪ੍ਰਸਤਾਵਿਤ ਸਰਕਾਰ ਖਾਰਿਜ ਹੋ ਜਾਂਦੀ ਹੈ ਤਾਂ ਉਹ ਅਜਿਹੇ ਵਿਅਕਤੀ ਨੂੰ ਸਰਕਾਰ ਦਾ ਜ਼ਿੰਮਾ ਸੌਂਪਣਗੇ ਜਿਸ ਕੋਲ 61 ਸੰਸਦ ਮੈਂਬਰਾਂ ਦੀ ਹਮਾਇਤ ਹੋਵੇ।