ਗਾਜ਼ਾ ਸਿਟੀ, ਏਪੀ : ਇਜ਼ਰਾਈਲ ਤੇ ਫਲਸਤੀਨ 'ਚ ਯੁੱਧ ਵਧਦਾ ਜਾ ਰਿਹਾ ਹੈ। ਇਕ ਇਜ਼ਰਾਇਲੀ ਹਵਾਈ ਹਮਲੇ ਨੇ ਗਾਜ਼ਾ ਸ਼ਹਿਰ 'ਚ ਸਥਿਤ ਉੱਚੀ ਇਮਾਰਤ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੱਤਾ ਹੈ। ਇਸ ਇਮਾਰਤ 'ਚ ਐਸੋਸੀਏਟਿਡ ਪ੍ਰੈੱਸ, ਅਲ-ਜਜ਼ੀਰਾ ਸਣੇ ਕਈ ਹੋਰ ਵੱਡੇ ਮੀਡੀਆ ਹਾਊਸ ਦੇ ਦਫ਼ਤਰ ਸੀ। ਕਰੀਬ ਇਕ ਘੰਟੇ ਪਹਿਲਾਂ ਹੀ ਫ਼ੌਜ ਨੇ ਲੋਕਾਂ ਨੂੰ ਇਮਾਰਤ ਖਾਲੀ ਕਰਨ ਦਾ ਆਦੇਸ਼ ਦਿੱਤਾ ਸੀ। ਇਸ ਇਮਾਰਤ 'ਚ ਅੰਤਰਰਾਸ਼ਟਰੀ ਮੀਡੀਆ ਦੇ ਦਫਤਰ ਦੇ ਨਾਲ ਰਿਹਾਇਸ਼ੀ ਅਪਾਰਟਮੈਂਟ ਵੀ ਸਨ। ਇਜ਼ਰਈਲ ਦੇ ਹਵਾਈ ਹਮਵੇ ਨੇ ਪੂਰੀ 12 ਮੰਜ਼ਿਲਾ ਇਮਾਰਤ ਨੂੰ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਖੇਰੂੰ-ਖੇਰੂੰ ਕਰ ਦਿੱਤਾ। ਇਮਾਰਤ ਡਿੱਗਣ ਤੋਂ ਬਾਅਦ ਚਾਰਾ ਪਾਸੇ ਧੂੜ ਦੇ ਬੱਦਲ ਛਾ ਗਏ। ਇਹ ਹਮਲਾ ਕਿਉਂ ਕੀਤਾ ਗਿਆ, ਇਸ ਦਾ ਹੁਣ ਤਕ ਕੋਈ ਸਪਸ਼ਟੀਕਰਨ ਨਹੀਂ ਮਿਲਿਆ।

ਇਜ਼ਰਾਈਲ-ਫਲਸਤੀਨ ਜੰਗ ਵਿਚ ਹੁਣ ਹਾਲਾਤ ਬਦਤਰ ਹੋ ਰਹੇ ਹਨ। ਗਾਜ਼ਾ ’ਤੇ ਇਜ਼ਰਾਈਲ ਦੇ ਲਗਾਤਾਰ ਹਵਾਈ ਹਮਲੇ ਅਤੇ ਰਾਕਟ ਦਾਗੇ ਜਾਣ ਨਾਲ ਤਬਾਹੀ ਵਿਚਾਲੇ ਵੱਡੇ ਪੈਮਾਨੇ ’ਤੇ ਹਿਜਰਤ ਸ਼ੁਰੂ ਹੋ ਗਈ ਹੈ। ਗਾਜ਼ਾ ’ਤੇ ਹਮਲੇ ਤੋਂ ਬਾਅਦ ਇਜ਼ਰਾਈਲ ਵਿਚ ਵੀ ਗ੍ਰਹਿ ਯੁੱਧ ਦੇ ਆਸਾਰ ਬਣ ਗਏ ਹਨ। ਕਈ ਸ਼ਹਿਰਾਂ ਵਿਚ ਅਰਬੀ ਮੂਲ ਦੇ ਲੋਕਾਂ ਨਾਲ ਪੁਲਿਸ ਤੇ ਨੀਮ ਫ਼ੌਜੀ ਬਲਾਂ ਦਾ ਸਿੱਧਾ ਟਕਰਾਅ ਹੋ ਰਿਹਾ ਹੈ। ਵੈਸਟ ਬੈਂਕ ਵਿਚ ਹਿੱਸਾ ਤੇ ਪੁਲਿਸ ਨਾਲ ਸੰਘਰਸ਼ ਵਿਚ 11 ਫਲਸਤੀਨੀ ਮਾਰੇ ਗਏ। ਸਾਊਦੀ ਅਰਬ ਅਤੇ ਅਮਰੀਕਾ ਨੇ ਜੰਗ ਖ਼ਤਮ ਕਰਨ ਲਈ ਕੂਟਨੀਤਕ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਇਸਲਾਮਿਕ ਦੇਸ਼ਾਂ ਦੀ ਬੈਠਕ ਐਤਵਾਰ ਨੂੰ ਹੋ ਰਹੀ ਹੈ।

ਹੁਣ ਤਕ ਗਾਜ਼ਾ ਵਿਚ 136 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ 34 ਬੱਚੇ ਅਤੇ 21 ਔਰਤਾਂ ਸ਼ਾਮਲ ਹਨ। 950 ਲੋਕ ਜ਼ਖ਼ਮੀ ਹੋਏ ਹਨ। ਗਾਜ਼ਾ ਵਿਚ ਇਕ ਹਵਾਈ ਹਮਲੇ ਵਿਚ ਹੀ 12 ਲੋਕਾਂ ਦੀ ਮੌਤ ਹੋਈ। ਇਨ੍ਹਾਂ ਵਿਚ ਜ਼ਿਆਦਾਤਰ ਬੱਚੇ ਹਨ। ਇਜ਼ਰਾਈਲੀ ਫ਼ੌਜ ਨੇ ਕਿਹਾ ਹੈ ਕਿ ਹਮਾਸ ਨੇ ਹੁਣ ਤਕ 2300 ਰਾਕਟ ਗਾਜ਼ਾ ਤੋਂ ਚਲਾਏ ਹਨ, ਇਨ੍ਹਾਂ ਵਿਚੋਂ ਇਕ ਹਜ਼ਾਰ ਰਾਕਟ ਆਈਰਨ ਡੋਮ ਮਿਜ਼ਾਈਲ ਡਿਫੈਂਸ ਸਿਸਟਮ ਨਾਲ ਨਸ਼ਟ ਕਰ ਦਿੱਤੇ ਗਏ। 380 ਗਾਜ਼ਾ ਪੱਟੀ ਵਿਚ ਹੀ ਡਿੱਗ ਗਏ। ਇਜ਼ਰਾਈਲ ਦੇ ਅਰਬ ਤੇ ਯਹੂਦੀ ਮਿਸ਼ਰਿਤ ਆਬਾਦੀ ਵਾਲੇ ਸ਼ਹਿਰਾਂ ਵਿਚ ਹਿੰਸਾ ਤੇਜ਼ ਹੋ ਗਈ ਹੈ। ਇੱਥੇ ਗ੍ਰਹਿ ਯੁੱਧ ਦੇ ਆਸਾਰ ਬਣਦੇ ਜਾ ਰਹੇ ਹਨ। ਵੈਸਟ ਬੈਂਕ ਵਿਚ ਹਿੱਸਾ ਦੌਰਾਨ 11 ਫਲਸਤੀਨੀ ਮਾਰੇ ਗਏ। ਇਸਦੇ ਨਾਲ ਹੀ 1948 ਵਿਚ ਇਜ਼ਰਾਈਲ ਦੀ ਸਥਾਪਨਾ ਦੇ ਸਮੇਂ ਹੋਈ ਜੰਗ ਵਿਚ ਲਗਪਗ ਸੱਤ ਲੱਖ ਫਲਸਤੀਨੀਆਂ ਦੀ ਹਿਜਰਤ ਹੋਈ ਸੀ। ਇਨ੍ਹਾਂ ਦੀ ਯਾਦ ਵਿਚ ਨਕਬਾ ਡੇ ਮਨਾਉਣ ਕਾਰਨ ਹਿੰਸਾ ਦਾ ਖ਼ਦਸਾ ਹੋਰ ਵਧ ਗਿਆ ਹੈ।

ਹਮਾਸ ਦੀਆਂ ਸੁਰੰਗਾਂ ’ਚ ਮਰੇ ਕਈ ਲੜਾਕੇ : ਗਾਜ਼ਾ ’ਚ ਸੁਰੰਗਾਂ ’ਤੇ ਹਵਾਈ ਹਮਲਿਆਂ ਵਿਚ 20 ਲੜਾਕਿਆਂ ਦੀ ਹਮਾਸ ਨੇ ਮਰਨ ਦੀ ਪੁਸ਼ਟੀ ਕੀਤੀ ਹੈ। ਇਜ਼ਰਾਈਲੀ ਫ਼ੌਜ ਮੁਤਾਬਕ, ਹਮਲੇ ਵਿਚ ਹਮਾਸ ਦੇ ਜ਼ਿਆਦਾ ਮੈਂਬਰ ਮਾਰੇ ਗਏ ਹਨ।

ਗਾਜ਼ਾ ’ਚ ਹੋਇਆ ਬਿਜਲੀ-ਪਾਣੀ ਦਾ ਸੰਕਟ

ਇਜ਼ਰਾਈਲ ਦੇ ਲਗਾਤਾਰ ਹਵਾਈ ਹਮਲਿਆਂ ਨਾਲ ਗਾਜ਼ਾ ਵਿਚ ਕਈ ਇਮਾਰਤਾਂ ਢੇਰ ਹੋ ਗਈਆਂ ਹਨ। ਹੁਣ ਬਿਜਲੀ-ਪਾਣੀ ਦਾ ਸੰਕਟ ਵੀ ਗੰਭੀਰ ਹੋ ਗਿਆ ਹੈ। ਸੰਯੁਕਤ ਰਾਸ਼ਟਰ ਮੁਤਾਬਕ, ਗਾਜ਼ਾ ਵਿਚ 2 ਲੱਖ 30 ਹਜ਼ਾਰ ਲੋਕਾਂ ਨੂੰ ਮੁਸ਼ਕਲ ਨਾਲ ਪਾਣੀ ਮਿਲ ਰਿਹਾ ਹੈ। ਬਿਜਲੀ ਵੀ ਮੁਸ਼ਕਲ ਨਾਲ ਮਿਲ ਰਹੀ ਹੈ। ਇਸ ਨਾਲ ਹਿਜਰਤ ਹੋਰ ਵਧ ਗਈ ਹੈ।

Posted By: Ravneet Kaur