ਗਾਜ਼ਾ (ਏਜੰਸੀਆਂ) : ਇਜ਼ਰਾਈਲ ਤੇ ਫਲਸਤੀਨ ਵਿਚਾਲੇ ਜੰਗ ਕੂਟਨੀਤਕ ਯਤਨਾਂ ਤੋਂ ਬਾਅਦ ਵੀ ਤੇਜ਼ ਹੋ ਰਹੀ ਹੈ। ਹਮਾਸ ਤੇ ਇਜ਼ਰਾਈਲ ਵਿਚਾਲੇ ਰਾਕਟ ਤੇ ਹਵਾਈ ਹਮਲੇ ਵੱਧ ਗਏ ਹਨ। ਗਾਜ਼ਾ ਇਜ਼ਰਾਈਲ ਦੇ ਕੁਝ ਸ਼ਹਿਰਾਂ 'ਚ ਯਹੂਦੀ ਤੇ ਅਰਬੀ ਮੂਲ ਦੇ ਲੋਕਾਂ ਵਿਚਾਲੇ ਦੰਗੇ ਸ਼ੁਰੂ ਹੋ ਗਏ ਹਨ।

ਰਾਕਟ ਹਮਲਿਆਂ 'ਚ ਗਾਜ਼ਾ 'ਚ ਮਰਨ ਵਾਲਿਆਂ ਦੀ ਗਿਣਤੀ 83 ਤੋਂ ਵੀ ਜ਼ਿਆਦਾ ਹੋ ਗਈ ਹੈ। ਇਜ਼ਰਾਈਲ 'ਚ ਪੰਜ ਵਰ੍ਹੇ ਦੇ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ ਹੋ ਗਈ। ਇਜ਼ਰਾਈਲ ਨੇ ਗਾਜ਼ਾ 'ਤੇ ਤਾਜ਼ਾ ਹਵਾਈ ਹਮਲਿਆਂ 'ਚ ਮੁੜ ਇਕ ਛੇ ਮੰਜ਼ਿਲਾ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਇਮਾਰਤ ਤੋਂ ਹਮਾਸ ਦੀਆਂ ਸਰਗਰਮੀਆਂ ਚੱਲ ਰਹੀਆਂ ਸਨ। ਇਥੋਂ ਦੇ ਲੋਕਾਂ ਨੂੰ ਕੋਰੋਨਾ ਦੇ ਸੰਕਟ ਵਿਚਾਲੇ ਇਜ਼ਰਾਈਲ ਦੇ ਹਮਲਿਆਂ ਦਾ ਡਰ ਸਤਾ ਰਿਹਾ ਹੈ। ਇਹ ਹੀ ਹਾਲਤ ਇਜ਼ਰਾਈਲ ਦੀ ਹੈ। ਇਥੇ ਵੀ ਨਾਗਰਿਕ ਥਾਵਾਂ ਹਮਾਸ ਦੇ ਰਾਕਟਾਂ ਦਾ ਸ਼ਿਕਾਰ ਹੋ ਰਹੀਆਂ ਹਨ।

ਇਜ਼ਰਾਈਲ ਦੇ ਕੁਝ ਸ਼ਹਿਰਾਂ 'ਚ 21 ਫ਼ੀਸਦੀ ਆਬਾਦੀ ਅਰਬੀ ਮੂਲ ਦੇ ਲੋਕਾਂ ਦੀ ਹੈ। ਇਨ੍ਹਾਂ ਸ਼ਹਿਰਾਂ 'ਚ ਹੁਣ ਦੰਗੇ ਸ਼ੁਰੂ ਹੋ ਗਏ ਹਨ। ਰਲੀ-ਮਿਲੀ ਆਬਾਦੀ ਵਾਲੇ ਸ਼ਹਿਰ ਲਾਡ 'ਚ ਇਕ ਅਰਬੀ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਤੋਂ ਬਾਅਦ ਦੰਗਾ ਭੜਕ ਗਿਆ। ਸ਼ਹਿਰ 'ਚ ਕਰਫਿਊ ਲਾ ਦਿੱਤਾ ਗਿਆ ਤੇ 150 ਤੋਂ ਜ਼ਿਆਦਾ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਲਾਡ ਤੋਂ ਇਲਾਵਾ ਯੇਰੂਸ਼ਲਮ, ਤਲ ਅਵੀਬ ਦੇ ਅਰਧ ਸ਼ਹਿਰੀ ਬੈਟ ਯਾਮ 'ਚ ਵੀ ਹਿੰਸਾ ਭੜਕ ਗਈ ਹੈ। ਇਨ੍ਹਾਂ ਸਥਾਨਾਂ 'ਤੇ ਸਾੜ-ਫੂਕ ਤੇ ਭੰਨ-ਤੋੜ ਵੀ ਕੀਤੀ ਗਈ।

ਪੁਲਿਸ ਅਨੁਸਾਰ ਪੂਰੇ ਦੇਸ਼ 'ਚ ਦੰਗਿਆਂ 'ਚ 400 ਤੋਂ ਜ਼ਿਆਦਾ ਲੋਕ ਗਿ੍ਫ਼ਤਾਰ ਕੀਤੇ ਗਏ ਹਨ। 12 ਪੁਲਿਸ ਅਫਸਰ ਵੀ ਜ਼ਖ਼ਮੀ ਹੋਏ ਹਨ। ਇਜ਼ਰਾਈਲ ਦੇ ਪ੍ਰਧਾਨ ਬੈਂਜਾਮਿਨ ਨੇਤਨਯਾਹੂ ਨੇ ਲਾਡ ਤੇ ਏਕ੍ਰੇ ਸ਼ਹਿਰ ਦੀ ਸਥਿਤੀ ਦਾ ਜਾਇਜ਼ਾ ਲਿਆ।

ਇਜ਼ਰਾਈਲ ਨੇ ਕੌਮਾਂਤਰੀ ਹਵਾਈ ਅੱਡਾ ਕੀਤਾ ਬੰਦ : ਫਲਸਤੀਨ 'ਚ ਜੰਗ 'ਚ ਲਗਾਤਾਰ ਹਮਾਸ ਦੇ ਰਾਕਟ ਦਾਗੇ ਜਾਣ ਤੋਂ ਬਾਅਦ ਸੁਰੱਖਿਆ ਕਾਰਨਾਂ ਨਾਲ ਤਲ ਅਵੀਵ ਦਾ ਕੌਮਾਂਤਰੀ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ।

ਮਿਸਰ ਦੀ ਇਜ਼ਰਾਈਲ ਤੇ ਫਲਸਤੀਨ ਨਾਲ ਵਾਰਤਾ : ਮਿਸਰ ਦੇ ਵਫ਼ਦ ਨੇ ਤਲ ਅਵੀਵ ਜਾ ਕੇ ਇਜ਼ਰਾਈਲ ਨਾਲ ਜੰਗਬੰਦੀ ਕਰਨ ਲਈ ਵਾਰਤਾ ਕੀਤੀ। ਇਹ ਵਫ਼ਦ ਬਾਅਦ 'ਚ ਹਮਾਸ ਪੁੱਜਾ।

ਅਮਰੀਕਾ ਨੇ ਕੀਤੀ ਇਜ਼ਰਾਈਲ ਤੇ ਹਮਾਸ ਨਾਲ ਗੱਲਬਾਤ

ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਇਸ ਮਾਮਲੇ 'ਚ ਪਹਿਲੀ ਵਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ ਦਾ ਹੱਕ ਹੈ ਕਿ ਉਹ ਉਸ ਦੇ ਦੇਸ਼ 'ਚ ਹੋ ਰਹੇ ਰਾਕਟ ਹਮਲਿਆਂ ਦਾ ਜਵਾਬ ਦੇਵੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਨੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਗੱਲ ਕੀਤੀ। ਉਨ੍ਹਾਂ ਨੇ ਗੱਲਬਾਤ 'ਚ ਰਾਕਟ ਹਮਲਿਆਂ ਦੀ ਨਿੰਦਾ ਕੀਤੀ ਤੇ ਜੰਗ ਰੋਕਣ ਲਈ ਕਿਹਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਜੰਗਬੰਦੀ ਕਰਨ ਦੀ ਅਪੀਲ ਕੀਤੀ ਹੈ।

ਯੇਰੂਸ਼ਲਮ 'ਚ ਇਨਸਾਫ਼ ਮਿਲਣ 'ਤੇ ਹੀ ਜੰਗਬੰਦੀ : ਹਮਾਸ

ਗਾਜ਼ਾ ਪੱਟੀ ਤੋਂ ਇਜ਼ਰਾਈਲ 'ਚ ਰਾਕਟ ਨਾਲ ਹਮਲਾ ਕਰਨ ਵਾਲੇ ਚਰਮਪੰਥੀ ਹਮਾਸ ਨੇ ਕਿਹਾ ਕਿ ਯੇਰੂਸ਼ਲਮ 'ਚ ਅਲ ਅਕਸਾ ਮਸਜਿਦ, ਸ਼ੇਖ ਜਰਾਹ 'ਚ ਇਨਸਾਫ਼ ਨਾ ਮਿਲਣ ਤਕ ਹਮਲੇ ਜਾਰੀ ਰੱਖਣਗੇ। ਇਜ਼ਰਾਈਲ ਇਥੇ ਕਬਜ਼ੇ ਕਰਨੇ ਬੰਦ ਕਰੇ।

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪ੍ਰਗਟਾਇਆ ਸ਼ੋਕ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਇਜ਼ਰਾਈਲ 'ਚ ਭਾਰਤੀ ਮਹਿਲਾ ਸੌਮਿਆ ਸੰਤੋਸ਼ ਦੇ ਮਾਰੇ ਜਾਣ 'ਤੇ ਸ਼ੋਕ ਪ੍ਰਗਟਾਇਆ ਹੈ। ਸੌਮਿਆ ਦੀ ਮੌਤ ਹਮਾਸ ਦਾ ਰਾਕਟ ਹਮਲੇ 'ਚ ਹੋਈ ਸੀ।