ਯੇਰੂਸ਼ਲਮ (ਰਾਇਟਰ) : ਇਜ਼ਰਾਈਲੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਮੰਗਲਵਾਰ ਸਵੇਰੇ ਸੀਰੀਆ ਵੱਲੋਂ ਦਾਗ਼ੇ ਗਏ ਚਾਰ ਰਾਕਟਾਂ ਨੂੰ ਉਸ ਨੇ ਹਵਾ ਵਿਚ ਹੀ ਨਸ਼ਟ ਕਰ ਦਿੱਤਾ। ਇਜ਼ਰਾਈਲ ਦੇ ਕਬਜ਼ੇ ਵਾਲੀਆਂ ਗੋਲਾਨ ਪਹਾੜੀਆਂ ਵੱਲੋਂ ਦਾਗ਼ੇ ਗਏ ਰਾਕਟਾਂ ਨੂੰ ਇਜ਼ਰਾਈਲੀ ਫ਼ੌਜ ਨੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਦੀ ਮਦਦ ਨਾਲ ਨਸ਼ਟ ਕਰ ਦਿੱਤਾ। ਇਜ਼ਰਾਈਲੀ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਰਾਕਟ ਹਮਲੇ ਵਿਚ ਇਜ਼ਰਾਈਲ ਦੇ ਕਿਸੇ ਵੀ ਨਾਗਰਿਕ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਇਨ੍ਹਾਂ ਹਮਲਿਆਂ ਦੀ ਅਜੇ ਤਕ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ। ਗੋਲਾਨ ਪਹਾੜੀਆਂ (ਹਾਈਟਸ) 'ਤੇ ਕਬਜ਼ੇ ਨੂੰ ਲੈ ਕੇ ਇਜ਼ਰਾਈਲ ਅਤੇ ਸੀਰੀਆ ਵਿਚਕਾਰ ਵਿਵਾਦ ਚੱਲ ਰਿਹਾ ਹੈ। 1967 ਦੀ ਜੰਗ ਵਿਚ ਇਜ਼ਰਾਈਲ ਨੇ ਸੀਰੀਆ ਨੂੰ ਹਰਾ ਕੇ ਗੋਲਾਨ ਪਹਾੜੀਆਂ 'ਤੇ ਕਬਜ਼ਾ ਕਰ ਲਿਆ ਸੀ। ਇਨ੍ਹਾਂ ਪਹਾੜੀਆਂ 'ਤੇ ਇਜ਼ਰਾਈਲ ਦੇ ਦਾਅਵੇ ਨੂੰ ਰਾਸ਼ਟਰਪਤੀ ਟਰੰਪ ਦੀ ਅਗਵਾਈ ਵਾਲੀ ਅਮਰੀਕੀ ਸਰਕਾਨ ਨੇ ਇਸ ਸਾਲ ਮਾਨਤਾ ਵੀ ਦੇ ਦਿੱਤੀ ਹੈ। ਹਾਲਾਂਕਿ ਗੋਲਾਨ ਦੇ ਕੁਝ ਹਿੱਸੇ ਨੂੰ ਸੀਰੀਆ ਵਾਪਸ ਕਰਨ ਦੀ ਮੰਗ ਕਰਦਾ ਰਿਹਾ ਹੈ।