ਦਮਿਸ਼ਕ (ਏਜੰਸੀ) : ਇਜ਼ਰਾਈਲ ਨੇ ਮੰਗਲਵਾਰ ਨੂੰ ਸੀਰੀਆ ਦੇ ਹੋਮਸ ਸੂਬੇ 'ਚ ਸਥਿਤ ਟੀ-4 ਫ਼ੌਜੀ ਹਵਾਈ ਅੱਡੇ 'ਤੇ ਕਈ ਮਿਜ਼ਾਈਲਾਂ ਦਾਗੀਆਂ। ਸੀਰੀਆ ਦੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਵਧੇਰੇ ਮਿਜ਼ਾਈਲਾਂ ਹਵਾਈ ਰੱਖਿਆ ਪ੍ਰਣਾਲੀ ਦੀ ਮਦਦ ਨਾਲ ਨਸ਼ਟ ਕਰ ਦਿੱਤੀਆਂ ਗਈਆਂ। ਪਰ ਚਾਰ ਮਿਜ਼ਾਈਲਾਂ ਬੇਸ ਕੈਂਪ ਤਕ ਪਹੁੰਚਣ 'ਚ ਕਾਮਯਾਬ ਰਹੀਆਂ। ਇਸ ਹਮਲੇ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਸੀਰੀਆਈ ਫ਼ੌਜ ਮੁਤਾਬਕ ਹਮਲੇ 'ਚ ਕੁਝ ਵਾਹਨਾਂ ਦੇ ਨੁਕਸਾਨੇ ਜਾਣੇ ਤੋਂ ਇਲਾਵਾ ਕਿਸੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਇਹ ਮਿਜ਼ਾਈਲਾਂ ਸੀਰੀਆ ਦੇ ਦੱਖਣੀ ਪੂਰਬੀ ਖੇਤਰ ਅਲ ਤਾਂਫ ਵੱਲੋਂ ਆਏ ਜਹਾਜ਼ਾਂ 'ਤੇ ਦਾਗੀਆਂ ਗਈਆਂ ਸਨ। ਇਸ ਇਲਾਕੇ 'ਚ ਅਮਰੀਕਾ ਦਾ ਇਕ ਫ਼ੌਜੀ ਅੱਡਾ ਹੈ। ਹਮਲੇ ਬਾਰੇ ਇਜ਼ਰਾਈਲ ਨੇ ਅਜੇ ਕੋਈ ਬਿਆਨ ਨਹੀਂ ਦਿੱਤਾ। ਅਮਰੀਕਾ ਦੀ ਹਮਾਇਤ ਹਾਸਲ ਇਜ਼ਰਾਈਲ ਇਸ ਗੱਲ 'ਤੇ ਜ਼ੋਰ ਦਿੰਦਾ ਆਇਆ ਹੈ ਕਿ ਸੀਰੀਆ 'ਚ ਈਰਾਨੀ ਫ਼ੌਜ ਜਾਂ ਉਸ ਦੀ ਹਮਾਇਤ ਅੱਤਵਾਦੀਆਂ ਨੂੰ ਉਹ ਕਿਸੇ ਵੀ ਸੂਰਤ 'ਚ ਪੈਰ ਜਮਾਉਣ ਨਹੀਂ ਦੇਵੇਗਾ। ਸੀਰੀਆ ਤੇ ਆਲੇ ਦੁਆਲੇ ਦੇ ਖੇਤਰਾਂ 'ਚ ਈਰਾਨ ਦੀ ਹਮਾਇਤ ਹਾਸਲ ਹਿਜ਼ਬੁੱਲਾ ਤੇ ਹੋਰ ਹਥਿਆਰਬੰਦ ਸੰਗਠਨਾਂ ਖ਼ਿਲਾਫ਼ ਇਜ਼ਰਾਈਲ ਪਹਿਲਾਂ ਵੀ ਹਮਲੇ ਕਰਦਾ ਰਿਹਾ ਹੈ। ਅਮਰੀਕਾ ਵੱਲੋਂ ਈਰਾਨੀ ਫ਼ੌਜੀ ਕਮਾਂਡਰ ਕਾਮਿਸ ਸੁਲੇਮਾਨੀ ਨੂੰ ਮਾਰ ਸੁੱਟਣ ਤੋਂ ਬਾਅਦ ਇਜ਼ਰਾਈਲ ਦਾ ਸੀਰੀਆ 'ਚ ਇਹ ਪਹਿਲਾ ਹਮਲਾ ਹੈ।