ਗਾਜ਼ਾ (ਰਾਇਟਰ) : ਇਜ਼ਰਾਈਲ ਨੇ ਮੰਗਲਵਾਰ ਨੂੰ ਗਾਜ਼ਾ ਪੱਟੀ 'ਤੇ ਆਪਣੇ ਹਮਲੇ ਵਿਚ ਈਰਾਨ ਸਮਰਥਿਤ ਫ਼ਲਸਤੀਨੀ ਅੱਤਵਾਦੀ ਜਥੇਬੰਦੀ ਇਸਲਾਮਿਕ ਜਿਹਾਦ ਦੇ ਚੋਟੀ ਦੇ ਕਮਾਂਡਰ ਬਹਾ ਅਬੂ ਅਲ ਅੱਤਾ ਨੂੰ ਢੇਰ ਕਰ ਦਿੱਤਾ। ਇਸ ਹਮਲੇ ਦੇ ਜਵਾਬ ਵਿਚ ਅੱਤਵਾਦੀ ਜਥੇਬੰਦੀ ਨੇ ਵੀ ਤਲ ਅਵੀਵ ਸਹਿਤ ਇਜ਼ਰਾਈਲ ਦੇ ਕਈ ਸ਼ਹਿਰਾਂ ਵਿਚ ਰਾਕਟ ਦਾਗ਼ੇ। ਇਜ਼ਰਾਈਲ ਦਾ ਦੋਸ਼ ਹੈ ਕਿ ਅਲ ਅੱਤਾ ਨੇ ਸਰਹੱਦ ਪਾਰ ਤੋਂ ਨਾ ਕੇਵਲ ਕਈ ਹਮਲਿਆਂ ਨੂੰ ਅੰਜਾਮ ਦਿੱਤਾ ਸੀ ਸਗੋਂ ਉਹ ਹੋਰ ਹਮਲਿਆਂ ਦੀ ਯੋਜਨਾ ਬਣਾ ਰਿਹਾ ਸੀ। ਉਹ ਗਾਜ਼ਾ ਤੋਂ ਸੱਤਾਧਾਰੀ ਹਮਾਸ ਗਰੁੱਪ ਦੇ ਲਈ ਵੀ ਨਵੀਆਂ ਚੁਣੌਤੀਆਂ ਪੈਦਾ ਕਰ ਰਿਹਾ ਸੀ।

ਇਸਰਾਈਲ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿਚ ਵੀ ਇਸਲਾਮਿਕ ਜਿਹਾਦ ਨਾਲ ਜੁੜੇ ਸਿਆਸੀ ਆਗੂ ਅਕਰਮ ਅਲ ਅਜੌਰੀ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ। ਸੀਰੀਆ ਦੇ ਸਰਕਾਰੀ ਮੀਡੀਆ ਮੁਤਾਬਿਕ ਇਸ ਹਮਲੇ ਵਿਚ ਅਜੌਰੀ ਦੇ ਪੁੱਤਰ ਸਣੇ ਦੋ ਲੋਕਾਂ ਦੀ ਮੌਤ ਹੋਈ ਹੈ। ਇਕ ਚਸ਼ਮਦੀਦ ਅਨੁਸਾਰ ਗਾਜ਼ਾ ਪੱਟੀ 'ਤੇ ਕੀਤੇ ਗਏ ਹਮਲੇ ਤੋਂ ਕੁਝ ਘੰਟਿਆਂ ਪਿੱਛੋਂ ਹੀ ਵਪਾਰਕ ਰਾਜਧਾਨੀ ਤਲ ਅਵੀਵ ਸਣੇ ਮੱਧ ਇਜ਼ਰਾਈਲ ਦੇ ਸ਼ਹਿਰਾਂ ਵਿਚ ਸੰਭਾਵਿਤ ਹਵਾਈ ਹਮਲਿਆਂ ਨੂੰ ਲੈ ਕੇ ਸਾਇਰਨ ਵੱਜਣ ਲੱਗੇ। ਦੱਖਣੀ ਅਤੇ ਮੱਧ ਇਜ਼ਰਾਈਲ ਵਿਚ ਸਕੂਲ ਬੰਦ ਕਰ ਦਿੱਤੇ ਗਏ। ਨਾਗਰਿਕਾਂ ਨੂੰ ਘਰਾਂ ਵਿਚ ਹੀ ਰਹਿਣ ਅਤੇ ਬਹੁਤ ਜ਼ਰੂਰੀ ਕੰਮ ਕਾਰਨ ਹੀ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਗਾਜ਼ਾ ਪੱਟੀ ਤੋਂ ਇਜ਼ਰਾਈਲ 'ਤੇ ਕੀਤੇ ਗਏ ਹਮਲਿਆਂ ਵਿਚ ਹੋਏ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਅਜੇ ਤਕ ਨਹੀਂ ਮਿਲ ਸਕੀ।