ਦੁਬਈ , ਏਪੀ : ਪੁਲਿਸ ਤੇ ਮੁਜ਼ਾਹਰਾਕਾਰੀਆਂ ਵਿਚਾਲੇ ਵੱਧਦੇ ਸੰਘਰਸ਼ ਦੇ ਮੱਦੇਨਜ਼ਰ ਈਰਾਨ ਨੇ ਦੱਖਣੀ-ਪੂਰਬੀ ਇਲਾਕਿਆਂ 'ਚ ਇੰਟਰਨੈੱਟ 'ਤੇ ਪਾਬੰਦੀ ਲਗਾ ਦਿੱਤੀ ਹੈ। ਮਨੁੱਖੀ ਅਧਿਕਾਰਾਂ ਦੇ ਸਮੂਹਾਂ ਨੇ ਇਕ ਸਾਂਝੇ ਬਿਆਨ 'ਚ ਕਿਹਾ ਕਿ ਸਰਕਾਰ ਦੇ ਅਸ਼ਾਂਤ ਚੱਲ ਰਹੇ ਸਿਸਤਾਨ ਤੇ ਬਲੋਚਿਸਤਾਨ ਸੂਬੇ 'ਚ ਮੋਬਾਈਲ ਡਾਟਾ ਨੈੱਟਵਰਕ ਨੂੰ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਜਿਸ ਨਾਲ ਬਗਾਵਤ ਨੂੰ ਦਬਾਉਣ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਗ਼ੈਰ-ਮਨੁੱਖੀ ਕਾਰਵਾਈ ਨੂੰ ਲੁਕਾਇਆ ਜਾ ਸਕੇ।

ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ, 'ਬੁੱਧਵਾਰ ਤੋਂ ਸਰਕਾਰ ਨੇ ਸਿਸਤਾਨ ਤੇ ਬਲੋਚਿਸਤਾਨ ਸੂਬੇ 'ਚ ਮੋਬਾਈਲ ਡਾਟਾ ਨੈੱਟਵਰਕ ਨੂੰ ਬੰਦ ਕਰ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਇੱਥੇ ਰਹਿਣ ਵਾਲੀ 96 ਫ਼ੀਸਦੀ ਆਬਾਦੀ ਮੋਬਾਈਲ ਫੋਨ ਰਾਹੀਂ ਇੰਟਰਨੈੱਟ ਦੀ ਵਰਤੋਂ ਕਰਦੀ ਹੈ। ਕੌਮਾਂਤਰੀ ਪੱਧਰ 'ਤੇ ਇੰਟਰਨੈੱਟ ਐਕਸੈੱਸ 'ਤੇ ਨਜ਼ਰ ਰੱਖਣ ਵਾਲੀ ਕੰਪਨੀ ਨੈੱਟਬਲਾਕਸ ਨੇ ਕਿਹਾ ਕਿ ਚਾਰ ਦਿਨਾਂ ਤਕ ਜਿੱਥੇ ਸਥਾਨਕ ਪੱਧਰ 'ਤੇ ਨੈੱਟਵਰਕ ਵੱਡੇ ਪੱਧਰ 'ਤੇ ਇੰਟਰਨੈੱਟ ਠੱਪ ਰਿਹਾ ਉੱਥੇ ਸ਼ਨਿਚਰਵਾਰ ਦੇਰ ਸ਼ਾਮ ਇਕ ਵਾਰ ਫਿਰ ਕੁਨੈਕਟੀਵਿਟੀ 'ਚ ਦਿੱਕਤ ਸ਼ੁਰੂ ਹੋ ਗਈ। ਪੱਛਮੀ ਏਸ਼ੀਆ 'ਚ ਡਿਜੀਟਲ ਸਕਿਓਰਿਟੀ 'ਤੇ ਨਜ਼ਰ ਰੱਖਣ ਵਾਲੇ ਇਕ ਮਨੁੱਖੀ ਅਧਿਕਾਰ ਸੰਗਠਨ ਨਾਲ ਜੁੜੇ ਆਮਿਰ ਰਸ਼ੀਦੀ ਨੇ ਕਿਹਾ ਕਿ ਸੰਘਰਸ਼ ਨੂੰ ਦਬਾਉਣ ਲਈ ਈਰਾਨ ਇਸ ਤਰ੍ਹਾਂ ਦੀ ਕਾਰਵਾਈ ਸਾਲਾਂ ਤੋਂ ਕਰਦਾ ਰਿਹਾ ਹੈ।

Posted By: Rajnish Kaur