ਤਹਿਰਾਨ (ਆਈਏਐੱਨਐੱਸ) : ਈਰਾਨ ਨੇ ਹਵਾਈ ਰੱਖਿਆ ਮਿਜ਼ਾਈਲਾਂ ਦੇ ਨਿਰਮਾਣ ਲਈ ਇਕ ਫੈਕਟਰੀ ਦੀ ਸ਼ੁਰੂਆਤ ਕੀਤੀ ਹੈ। ਨਾਲ ਹੀ ਵੱਖ-ਵੱਖ ਮਿਜ਼ਾਈਲਾਂ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਹਾਈਬਿ੍ਡ ਸਾਲਿਡ ਫਿਊਲ ਦੇ ਉਤਪਾਦਨ ਲਈ ਪਲਾਂਟ ਲਗਾਇਆ ਹੈ। ਈਰਾਨੀ ਹਥਿਆਰਬੰਦ ਬਲਾਂ ਦੇ ਚੀਫ ਆਫ ਸਟਾਫ ਹੁਸੈਨ ਬਕੇਰੀ ਨੇ ਸ਼ਨਿਚਰਵਾਰ ਨੂੰ ਉਦਘਾਟਨ ਸਮਾਰੋਹ ਵਿਚ ਕਿਹਾ ਕਿ ਮੋਢੇ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾ ਪਲਾਂਟ ਖੇਤਰ ਵਿਚ ਸਭ ਤੋਂ ਅਨੋਖਾ ਹੈ। ਇੱਥੇ ਘੱਟ ਦੂਰੀ ਦੀਆਂ ਹਵਾਈ ਰੱਖਿਆ ਮਿਜ਼ਾਈਲਾਂ ਦਾ ਉਤਪਾਦਨ ਕੀਤਾ ਜਾਵੇਗਾ।

ਖ਼ਬਰ ਏਜੰਸੀ ਸਿਨਹੂਆ ਮੁਤਾਬਕ ਇੱਥੇ ਬਣਾਈਆਂ ਜਾਣ ਵਾਲੀਆਂ ਮਿਜ਼ਾਈਲਾਂ ਨਾ ਕੇਵਲ ਉੱਨਤ ਤਕਨੀਕਾਂ ਨਾਲ ਲੈਸ ਹੋਣਗੀਆਂ ਸਗੋਂ ਨੈਵੀਗੇਸ਼ਨ ਅਤੇ ਕੰਟਰੋਲ ਲਈ ਆਪਟੀਕਲ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਫ਼ੌਜੀ ਇਨ੍ਹਾਂ ਮਿਜ਼ਾਈਲਾਂ ਦਾ ਵੱਖ-ਵੱਖ ਰਣਨੀਤਕ ਸਥਿਤੀਆਂ ਵਿਚ ਪ੍ਰਯੋਗ ਕਰ ਸਕਦੇ ਹਨ। ਮਿਜ਼ਾਈਲਾਂ ਲਈ ਈਂਧਨ ਦੀ ਸਪਲਾਈ ਕਰਨ ਵਾਲੇ ਕਾਰਖਾਨੇ ਦੇ ਉਦਘਾਟਨ 'ਤੇ ਬਕੇਰੀ ਨੇ ਕਿਹਾ ਕਿ ਜ਼ਮੀਨੀ ਲੜਾਈ ਵਿਚ ਮਿਜ਼ਾਈਲ ਦੀ ਗਤੀ ਅਤੇ ਉਸ ਦੀ ਹੱਦ ਦਾ ਵਿਸਥਾਰ ਕਰਨਾ ਜ਼ਰੂਰੀ ਸੀ। ਨਵਾਂ ਠੋਸ ਈਂਧਨ ਜ਼ਮੀਨ ਤੋਂ ਜ਼ਮੀਨ, ਐਂਟੀ ਟੈਂਕ ਅਤੇ ਏਅਰ ਡਿਫੈਂਸ ਮਿਜ਼ਾਈਲਾਂ ਦੀ ਸਮਰੱਥਾ ਵਧਾਏਗਾ।