ਤਹਿਰਾਨ (ਏਜੰਸੀ) : ਈਰਾਨ ਨੇ ਪੈਟਰੋਲ ਦੀ ਰਾਸ਼ਨਿੰਗ 'ਤੇ ਰੋਕ ਲਗਾਉਂਦੇ ਹੋਏ ਇਸ ਦੀਆਂ ਕੀਮਤਾਂ 50 ਫੀਸਦੀ ਵਧਾ ਦਿੱਤੀਆਂ ਹਨ। ਇਹ ਕਦਮ ਭਾਰੀ ਖਪਤ ਤੇ ਤਸਕਰੀ 'ਤੇ ਰੋਕ ਲਗਾਉਣ ਦੇ ਇਰਾਦੇ ਨਾਲ ਉਠਾਇਆ ਗਿਆ ਹੈ। ਈਰਾਨ ਦੁਨੀਆ 'ਚ ਪੈਟਰੋਲ 'ਤੇ ਸਭ ਤੋਂ ਜ਼ਿਆਦਾ ਸਬਸਿਡੀ ਦਿੰਦਾ ਹੈ। ਇਸਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਉੱਥੋਂ ਦੇ ਪੈਟਰੋਲ ਪੰਪ 'ਤੇ ਦਸ ਹਜ਼ਾਰ ਰਿਆਲ ਯਾਨੀ ਅੱਠ ਰੁਪਏ ਤੋਂ ਘੱਟ ਕੀਮਤ 'ਤੇ ਇਕ ਲੀਟਰ ਪੈਟਰੋਲ ਮਿਲ ਜਾਂਦਾ ਹੈ।

ਸਰਕਾਰੀ ਤੇਲ ਕੰਪਨੀ ਨੈਸ਼ਨਲ ਈਰਾਨੀਅਨ ਆਇਲ ਪ੍ਰੋਡਕਸਟ ਡਿਸਟ੍ਰੀਬਿਊਸ਼ਨ ਕੰਪਨੀ ਨੇ ਕਿਹਾ ਹੈ ਕਿ ਹਰ ਵਿਅਕਤੀ ਜਿਸਦੇ ਕੋਲ ਫਿਊਲ ਕਾਰਡ ਹਨ, ਉਹ ਹੁਣ ਇਕ ਮਹੀਨੇ 'ਚ 60 ਲੀਟਰ ਪੈਟਰੋਲ 15 ਹਜ਼ਾਰ ਰਿਆਲ ਪ੍ਰਤੀ ਲੀਟਰ (ਲਗਪਗ 12 ਰੁਪਏ) ਦੀ ਕੀਮਤ 'ਤੇ ਖਰੀਦ ਸਕਦਾ ਹੈ। ਜੇਕਰ ਉਸਨੂੰ ਨਿਰਧਾਰਤ ਮਾਤਰਾ ਤੋਂ ਜ਼ਿਆਦਾ ਪੈਟਰੋਲ ਖ਼ਰੀਦਣਾ ਹੈ ਤਾਂ 30 ਹਜ਼ਾਰ ਰਿਆਲ (ਲਗਪਗ 16 ਰੁਪਏ) ਪ੍ਰਤੀ ਲੀਟਰ ਖ਼ਰਚ ਕਰਨੇ ਪੈਣਗੇ। ਸਬਸਿਡੀ 'ਚ ਸੁਧਾਰ ਤੇ ਵੱਡੇ ਪੱਧਰ 'ਤੇ ਹੋ ਰਹੀ ਤਸਕਰੀ 'ਤੇ ਲਗਾਮ ਲਗਾਉਣ ਲਈ ਸਾਲ 2007 'ਚ ਫਿਊਲ ਕਾਰਡ ਦੀ ਸ਼ੁਰੂਆਤ ਕੀਤੀ ਗਈ ਸੀ। ਈਰਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮੁੱਲ ਵਾਧੇ ਨਾਲ ਪ੍ਰਾਪਤ ਰਕਮ ਦੀ ਵਰਤੋਂ ਲੋੜਵੰਦ ਛੇ ਕਰੋੜ ਲੋਕਾਂ ਨੂੰ ਹੋਰ ਸਬਸਿਡੀ ਦੇਣ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਹਸਨ ਰੂਹਾਨੀ ਨੇ ਵੀ ਪੈਟਰੋਲ ਦੀ ਕੀਮਤ ਵਧਾਉਣ ਤੋਂ ਮਿਲਣ ਵਾਲੇ ਮਾਲੀਏ ਦਾ ਇਸਤੇਮਾਲ ਆਮ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਾਉਣ ਲਈ ਕਿਹਾ ਹੈ। ਸਮਾਚਾਰ ਏਜੰਸੀ ਇਰਨਾ ਮੁਤਾਬਕ ਪੈਟਰੋਲ ਦੀ ਬਹੁਤ ਘੱਟ ਕੀਮਤਾਂ ਦੇ ਕਾਰਨ ਈਰਾਨ ਦੀ ਅੱਠ ਕਰੋੜ ਦੀ ਆਬਾਦੀ ਹਰ ਰੋਜ਼ ਨੌ ਕਰੋੜ ਲੀਟਰ ਪੈਟਰੋਲ ਖ਼ਰੀਦਦੀ ਹੈ। ਇਸ ਤੋਂ ਇਲਾਵਾ ਰੋਜ਼ਾਨਾ ਇਕ ਤੋਂ ਦੋ ਕਰੋੜ ਲੀਟਰ ਪੈਟਰੋਲ ਦੀ ਤਸਕਰੀ ਹੁੰਦੀ ਹੈ।