ਤਹਿਰਾਨ (ਏਪੀ) : ਈਰਾਨ ਨੇ ਆਪਣੀ ਫ਼ੌਜੀ ਤਾਕਤ ਦਿਖਾਉਣ ਲਈ ਮੰਗਲਵਾਰ ਤੋਂ ਵੱਡੇ ਪੈਮਾਨੇ 'ਤੇ ਹਵਾਈ ਰੱਖਿਆ ਅਭਿਆਸ ਸ਼ੁਰੂ ਕੀਤਾ। ਇਹ ਦੋ ਦਿਨਾ ਅਭਿਆਸ ਰੇਗਿਸਤਾਨੀ ਖੇਤਰ 'ਚ ਕੀਤਾ ਜਾ ਰਿਹਾ ਹੈ।

ਸਰਕਾਰੀ ਟੀਵੀ ਮੁਤਾਬਕ ਇਸ ਸਾਲਾਨਾ ਸ਼ਕਤੀ ਪ੍ਰਦਰਸ਼ਨ 'ਚ ਹਵਾਈ ਫ਼ੌਜ ਦੇ ਨਾਲ ਹੀ ਵਿਸ਼ੇਸ਼ ਫ਼ੌਜੀ ਬਲ ਰੈਵੋਲਿਊਸ਼ਨਰੀ ਗਾਰਡ ਵੀ ਹਿੱਸਾ ਲੈ ਰਿਹਾ ਹੈ। ਈਰਾਨ ਨਿਯਮਤ ਤੌਰ 'ਤੇ ਇਸ ਤਰ੍ਹਾਂ ਦਾ ਫ਼ੌਜੀ ਅਭਿਆਸ ਆਪਣੀਆਂ ਜੰਗੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਕਰਦਾ ਹੈ। ਤਹਿਰਾਨ ਦਾ ਕਹਿਣਾ ਹੈ ਕਿ ਉਹ ਫ਼ੌਜੀਆਂ ਦੀਆਂ ਜੰਗ ਸਬੰਧੀ ਤਿਆਰੀਆਂ ਦਾ ਮੁਲਾਂਕਣ ਕਰਦਾ ਹੈ ਤੇ ਦੇਸ਼ ਦੀਆਂ ਫ਼ੌਜੀ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਦਾ ਹੈ। ਈਰਾਨ ਨੇ ਬੀਤੇ ਸਾਲ ਅਕਤੂਬਰ 'ਚ ਆਜ਼ਰਬਾਈਜਾਨ ਨਾਲ ਲੱਗਦੀ ਸਰਹੱਦ ਕੋਲ ਫ਼ੌਜੀ ਅਭਿਆਸ ਕੀਤਾ ਸੀ। ਆਜ਼ਰਬਾਈਜਾਨ ਨੇ ਪੱਛਮ ਤੇ ਇਜ਼ਾਰਾਈਲ ਨਾਲ ਆਪਣੇ ਫ਼ੌਜੀ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ।