ਤਹਿਰਾਨ (ਏਪੀ) : ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਬੁੱਧਵਾਰ ਨੂੰ ਤਿੰਨ ਰੋਜ਼ਾ ਦੌਰੇ 'ਤੇ ਈਰਾਨ ਦੀ ਰਾਜਧਾਨੀ ਤਹਿਰਾਨ ਪੁੱਜੇ। ਉਨ੍ਹਾਂ ਦੀ ਆਮਦ ਤੋਂ ਪਹਿਲੇ ਈਰਾਨੀ ਅਖ਼ਬਾਰ 'ਫਹਿਰੀਖਤੇਗਾਨ' ਨੇ ਆਪਣੇ ਪਹਿਲੇ ਪੰਨੇ 'ਤੇ ਅੰਗਰੇਜ਼ੀ ਅਤੇ ਫਾਰਸੀ ਵਿਚ ਸਿਰਲੇਖ ਰਾਹੀਂ ਸਵਾਲ ਕੀਤਾ...ਇਕ ਯੁੱਧ ਅਪਰਾਧੀ 'ਤੇ ਤੁਸੀਂ ਕਿਵੇਂ ਭਰੋਸਾ ਕਰ ਸਕਦੇ ਹੋ ਮਿਸਟਰ ਅਬੇ? ਅਖ਼ਬਾਰ ਨੇ ਇਸ ਦੇ ਨਾਲ ਪਰਮਾਣੂ ਬੰਬ ਧਮਾਕੇ ਪਿੱਛੋਂ ਉੱਠਣ ਵਾਲੇ ਧੂੰਏਂ ਦੇ ਗੁਬਾਰ ਦੀ ਇਕ ਤਸਵੀਰ ਪ੍ਰਕਾਸ਼ਿਤ ਕੀਤੀ ਹੈ। ਇਸ ਰਾਹੀਂ ਉਸ ਨੇ ਦੂਜੇ ਵਿਸ਼ਵ ਯੁੱਧ ਦੇ ਅੰਤ ਵਿਚ ਜਾਪਾਨ ਦੇ ਹੀਰੋਸ਼ਿਮਾ ਅਤੇ ਨਾਗਾਸਾਕੀ ਸ਼ਹਿਰ 'ਤੇ ਅਮਰੀਕੀ ਪਰਮਾਣੂ ਹਮਲੇ ਦੀ ਯਾਦ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਅਖ਼ਬਾਰ ਨੂੰ ਇਸਲਾਮਿਕ ਆਜ਼ਾਦ ਯੂਨੀਵਰਸਿਟੀ ਦੇ ਵਿਦਿਆਰਥੀ ਪ੍ਰਕਾਸ਼ਿਤ ਕਰਦੇ ਹਨ। ਅਖ਼ਬਾਰ ਦੇ ਪਹਿਲੇ ਸਫ਼ੇ ਨੂੰ ਈਰਾਨ ਦੇ ਸੋਸ਼ਲ ਮੀਡੀਆ ਵਿਚ ਹੱਥੋ-ਹੱਥ ਲਿਆ ਜਾ ਰਿਹਾ ਹੈ।

ਸ਼ਿੰਜੋ ਅਬੇ ਦੇ ਇਸ ਦੌਰੇ ਨੂੰ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਦੂਰ ਕਰਨ ਦੇ ਯਤਨ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ ਪ੍ਰੰਤੂ ਈਰਾਨੀ ਮੀਡੀਆ ਦੀਆਂ ਸੁਰਖੀਆਂ ਇਹ ਸੰਕੇਤ ਦੇ ਰਹੀਆਂ ਹਨ ਕਿ ਉਨ੍ਹਾਂ ਦਾ ਇਹ ਦੌਰਾ ਇੰਨਾ ਆਸਾਨ ਵੀ ਨਹੀਂ ਰਹਿਣ ਵਾਲਾ। ਈਰਾਨ ਆਉਣ ਤੋਂ ਠੀਕ ਪਹਿਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਨ 'ਤੇ ਅਬੇ ਨਾਲ ਗੱਲਬਾਤ ਕੀਤੀ ਸੀ ਅਤੇ ਪੱਛਮੀ ਏਸ਼ੀਆ ਵਿਚ ਪੈਦਾ ਹੋਏ ਤਣਾਅ 'ਤੇ ਚਰਚਾ ਕੀਤੀ ਸੀ। ਅਬੇ ਇਸ ਦੌਰੇ ਵਿਚ ਈਰਾਨ ਵਿਚ ਸਰਬਉੱਚ ਧਾਰਮਿਕ ਆਗੂ ਆਇਤੁੱਲਾ ਅਲੀ ਖਮੇਨੀ ਅਤੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਮੁਲਾਕਾਤ ਕਰਨਗੇ।