ਤਹਿਰਾਨ (ਏਜੰਸੀਆਂ) : ਕੋਰੋਨਾ ਮਹਾਮਾਰੀ ਦੇ ਤੀਜੇ ਦੌਰ ਦਾ ਸਾਹਮਣਾ ਕਰ ਰਹੇ ਈਰਾਨ 'ਚ ਰਾਜਧਾਨੀ ਤਹਿਰਾਨ ਸਮੇਤ 32 ਸੂਬਿਆਂ ਦੀ ਰੈੱਡ ਜ਼ੋਨ ਵਜੋਂ ਪਛਾਣ ਕੀਤੀ ਗਈ ਹੈ। ਇਨ੍ਹਾਂ ਥਾਵਾਂ 'ਤੇ ਕੋਰੋਨਾ ਦਾ ਪ੍ਰਕੋਪ ਤੇਜ਼ ਰਫ਼ਤਾਰ ਨਾਲ ਵੱਧ ਰਿਹਾ ਹੈ। ਇਸ ਪੱਛਮੀ ਏਸ਼ਿਆਈ ਦੇਸ਼ 'ਚ ਹੁਣ ਤਕ ਕੁਲ ਕਰੀਬ ਸਾਢੇ ਚਾਰ ਲੱਖ ਇਨਫੈਕਟਿਡ ਪਾਏ ਗਏ ਤੇ 25 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਮੌਤ ਹੋਈ ਹੈ।

ਸਿਹਤ ਮੰਤਰਾਲੇ ਦੀ ਬੁਲਾਰਾ ਸੀਮਾ ਸਾਦਾਤ ਲਾਰੀ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਨਿਯਮਿਤ ਗੱਲਬਾਤ 'ਚ ਦੱਸਿਆ ਕਿ ਬੀਤੇ 24 ਘੰਟਿਆਂ 'ਚ 3,362 ਨਵੇਂ ਮਾਮਲੇ ਪਾਏ ਗਏ। ਬੀਤੇ ਸ਼ੁੱਕਰਵਾਰ ਨੂੰ 3,500 ਤੋਂ ਜ਼ਿਆਦਾ ਇਨਫੈਕਟਿਡ ਮਿਲੇ ਸਨ। ਦੇਸ਼ 'ਚ ਬੀਤੀ ਫਰਵਰੀ 'ਚ ਮਹਾਮਾਰੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਏਨੀ ਵੱਡੀ ਗਿਣਤੀ 'ਚ ਨਵੇਂ ਪੀੜਤ ਪਾਏ ਗਏ। ਬੀਤੇ ਹਫ਼ਤੇ ਈਰਾਨ ਦੇ ਸਰਵਉੱਚ ਆਗੂ ਆਯਤੁੱਲਾ ਅਲੀ ਖਾਮਨੇਈ ਨੇ ਟੈਲੀਵਿਜ਼ਨ ਸੰਬੋਧਨ 'ਚ ਕਿਹਾ ਸੀ, 'ਕੋਰੋਨਾ ਨੂੰ ਘੱਟ ਆਂਕਣਾ ਠੀਕ ਨਹੀਂ ਹੈ।' ਜਦਕਿ ਰਾਸ਼ਟਰਪਤੀ ਹਸਨ ਰੂਹਾਨੀ ਵੀ ਲੋਕਾਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਦੇ ਚੁੱਕੇ ਹਨ। ਉਨ੍ਹਾਂ ਨੇ ਸਾਫ਼ ਸ਼ਬਦਾਂ 'ਚ ਕਿਹਾ ਹੈ ਕਿ ਇਸ ਮਹਾਮਾਰੀ ਦੀ ਰੋਕਥਾਮ ਦਾ ਹੱਲ ਤੁਹਾਡੇ ਆਪਣੇ ਹੱਥਾਂ 'ਚ ਹੈ।

ਈਰਾਨ 'ਚ ਪਹਿਲੇ ਦੌਰ ਦੀ ਮਹਾਮਾਰੀ ਬੀਤੀ ਫਰਵਰੀ 'ਚ ਸ਼ੁਰੂ ਹੋਈ ਸੀ। ਫਿਰ ਇਹ ਦੇਸ਼ ਗਰਮੀ 'ਚ ਦੂਜੇ ਦੌਰ ਦੀ ਮਹਾਮਾਰੀ ਦੀ ਲਪੇਟ 'ਚ ਆਇਆ ਸੀ। ਇਸ ਤੋਂ ਬਾਅਦ ਨਵੇਂ ਮਾਮਲਿਆਂ ਤੇ ਮਰਨ ਵਾਲਿਆਂ ਦੀ ਗਿਣਤੀ 'ਚ ਗਿਰਾਵਟ ਆਈ ਸੀ ਪਰ ਸਤੰਬਰ ਦੀ ਸ਼ੁਰੂਆਤ 'ਚ ਇਨ੍ਹਾਂ ਵਿਚ ਮੁੜ ਉਛਾਲ ਆ ਗਿਆ।

ਕੁਆਰੰਟਾਈਨ ਦੀ ਉਲੰਘਣਾ 'ਤੇ ਇੰਗਲੈਂਡ 'ਚ ਲੱਗੇਗਾ ਮੋਟਾ ਜੁਰਮਾਨਾ

ਕੋਰੋਨਾ ਮਹਾਮਾਰੀ ਦੇ ਦੂਜੇ ਦੌਰ ਦੀ ਲਪੇਟ 'ਚ ਆਏ ਪੂਰੇ ਇੰਗਲੈਂਡ 'ਚ ਕੁਆਰੰਟਾਈਨ ਨਿਯਮਾਂ ਦੀ ਉਲੰਘਣਾ ਕਰਨ 'ਤੇ ਮੋਟੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਪਾਜ਼ੇਟਿਵ ਪਾਏ ਜਾਣ 'ਤੇ ਸੈਲਫ ਕੁਆਰੰਟਾਈਨ ਦੀ ਪਾਲਣਾ ਨਾ ਕਰਨ 'ਤੇ ਇਕ ਹਜ਼ਾਰ ਪੌਂਡ (ਕਰੀਬ 95 ਹਜ਼ਾਰ) ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਦਕਿ ਨਿਯਮਾਂ ਦੀ ਵਾਰ-ਵਾਰ ਉਲੰਘਣਾ 'ਤੇ 10 ਹਜ਼ਾਰ ਪੌਂਡ (ਕਰੀਬ ਸਾਢੇ ਨੌਂ ਲੱਖ ਰੁਪਏ) ਤਕ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਥੇ ਰਿਹਾ ਇਹ ਹਾਲ

ਰੂਸ : 8,135 ਨਵੇਂ ਮਰੀਜ਼ ਮਿਲਣ ਨਾਲ ਪੀੜਤਾਂ ਦੀ ਗਿਣਤੀ 11 ਲੱਖ 60 ਹਜ਼ਾਰ ਦੇ ਕਰੀਬ ਹੋ ਗਈ ਹੈ। ਦੇਸ਼ 'ਚ ਕੁਲ 20 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋਈ ਹੈ।

ਆਸਟ੍ਰੇਲੀਆ : ਇਨਫੈਕਸ਼ਨ ਦੇ ਹਾਟਸਪਾਟ ਬਣੇ ਵਿਕਟੋਰੀਆ ਸੂਬੇ 'ਚ ਤਿੰਨ ਮਹੀਨੇ ਬਾਅਦ ਸੋਮਵਾਰ ਨੂੰ ਸਿਰਫ ਪੰਜ ਨਵੇਂ ਮਰੀਜ਼ ਪਾਏ ਗਏ। ਦੇਸ਼ 'ਚ ਕੁਲ 27,000 ਕੇਸ ਮਿਲੇ ਹਨ।

ਦੱਖਣੀ ਕੋਰੀਆ : ਦੂਜੇ ਦੌਰ ਦੀ ਮਹਾਮਾਰੀ ਸ਼ੁਰੂ ਹੋਣ ਦੇ ਇਕ ਮਹੀਨੇ ਬਾਅਦ ਸੋਮਵਾਰ ਨੂੰ ਸਭ ਤੋਂ ਘੱਟ 50 ਨਵੇਂ ਕੇਸ ਪਾਏ ਗਏ। 23 ਹਜ਼ਾਰ 661 ਕੇਸ ਮਿਲੇ ਹਨ।

ਪਾਕਿਸਤਾਨ : 566 ਨਵੇਂ ਇਨਫੈਕਟਿਡ ਪਾਏ ਜਾਣ ਨਾਲ ਕੋਰੋਨਾ ਪੀੜਤਾਂ ਦਾ ਅੰਕੜਾ ਤਿੰਨ ਲੱਖ 10 ਹਜ਼ਾਰ ਤੋਂ ਜ਼ਿਆਦਾ ਹੋ ਗਿਆ। 6,466 ਪੀੜਤਾਂ ਦੀ ਜਾਨ ਗਈ ਹੈ।