ਤਹਿਰਾਨ (ਆਈਏਐੱਨਐੱਸ) : ਈਰਾਨ 'ਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ 'ਚ ਹੁਣ ਤਕ 19 ਲੋਕਾਂ ਦੀ ਇਸ ਦੇ ਇਨਫੈਕਸ਼ਨ ਨੇ ਜਾਨ ਲੈ ਲਈ ਹੈ। ਇਕ ਸੰਸਦ ਮੈਂਬਰ ਦਾ ਹਾਲਾਂਕਿ ਦਾਅਵਾ ਹੈ ਕਿ ਇਕੱਲੇ ਪਵਿੱਤਰ ਸ਼ਹਿਰ ਕੌਮ ਵਿਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨ ਦੇ ਸਿਹਤ ਉਪ ਮੰਤਰੀ ਇਰਾਜ ਹਰੀਰਚੀ ਵੀ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਤੋਂ ਪੀੜਤ ਹੋ ਗਏ ਹਨ। ਈਰਾਨ ਵਿਚ ਖ਼ਰਾਬ ਹੁੰਦੇ ਹਾਲਾਤ ਤੋਂ ਚਿੰਤਤ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਮਾਹਿਰਾਂ ਦੀ ਇਕ ਟੀਮ ਉਥੇ ਭੇਜੀ ਹੈ। ਚੀਨ ਤੋਂ ਬਾਅਦ ਈਰਾਨ ਵਿਚ ਹੀ ਸਭ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ। ਬਹਿਰੀਨ ਅਤੇ ਯੂਏਈ ਨੇ ਈਰਾਨ ਤੋਂ ਆਉਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਲਗਾ ਦਿੱਤੀ ਹੈ।

ਦੇਸ਼ ਦੇ ਸਿਹ ਉਪ ਮੰਤਰੀ ਇਰਾਜ ਨੇ ਬੁੱਧਵਾਰ ਨੂੰ ਦੱਸਿਆ ਕਿ ਉਨ੍ਹਾਂ ਨੂੰ ਸੋਮਵਾਰ ਤੋਂ ਹੀ ਬੁਖ਼ਾਰ ਸੀ। ਮੁੱਢਲੀ ਜਾਂਚ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਉਨ੍ਹਾਂ ਨੂੰ ਸਭ ਤੋਂ ਵੱਖਰਾ ਕਰਕੇ ਅਲੱਗ ਥਾਂ 'ਤੇ ਰੱਖਿਆ ਗਿਆ ਹੈ। ਇਰਾਜ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰੇਗੀ। ਉਦਾਰਵਾਦੀ ਧੜੇ ਦੇ ਸੰਸਦ ਮੈਂਬਰ ਮਹਿਮੂਦ ਸਾਦੇਘੀ ਵੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ।

ਦੱਖਣੀ ਕੋਰੀਆ 'ਚ ਅਮਰੀਕੀ ਫ਼ੌਜੀ ਸਮੇਤ 284 ਨਵੇਂ ਮਾਮਲੇ ਆਏ ਸਾਹਮਣੇ

ਸਿਓਲ : ਦੱਖਣੀ ਕੋਰੀਆ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਪੀੜਤ 284 ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚ ਇਕ ਅਮਰੀਕੀ ਫ਼ੌਜੀ ਵੀ ਸ਼ਾਮਲ ਹੈ। ਦੇਸ਼ ਵਿਚ ਪੀੜਤ ਲੋਕਾਂ ਦੀ ਗਿਣਤੀ 1261 ਅਤੇ ਮਿ੍ਤਕਾਂ ਦੀ ਗਿਣਤੀ 12 ਹੋ ਗਈ ਹੈ। ਕੋਰੀਆ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ (ਕੇਸੀਡੀਸੀ) ਨੇ ਕਿਹਾ ਹੈ ਕਿ ਇਨਫੈਕਸ਼ਨ ਦੇ ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚੋਂ 134 ਦਾਯਗੂ ਸ਼ਹਿਰ ਤੋਂ ਹਨ। ਸ਼ਿਨਚੇਓਨਜੀ ਚਰਚ ਆਫ ਜੀਸਸ ਦੀ ਇਕ ਸ਼ਾਖਾ ਇਸ ਸ਼ਹਿਰ ਵਿਚ ਵੀ ਹੈ। ਦੱਖਣੀ ਕੋਰੀਆ ਵਿਚ ਮਹਾਮਾਰੀ ਦੀ ਸ਼ੁਰੂਆਤ ਇਸੇ ਚਰਚ ਨਾਲ ਜੁੜੇ ਲੋਕਾਂ ਵੱਲੋਂ ਮੰਨੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ ਪ੍ਰਭਾਵਿਤ ਅਮਰੀਕੀ ਫ਼ੌਜ ਦਾ 23 ਵਰਿ੍ਹਆਂ ਦਾ ਫ਼ੌਜੀ ਦਾਯਗੂ ਤੋਂ 20 ਕਿਲੋਮੀਟਰ ਦੂਰ ਕੈਰੋਲ ਸਥਿਤ ਫ਼ੌਜੀ ਅੱਡੇ 'ਤੇ ਤਾਇਨਾਤ ਸੀ। ਦੱਖਣੀ ਕੋਰੀਆ ਵਿਚ ਸਥਿਤ ਅਮਰੀਕੀ ਫ਼ੌਜੀ ਅੱਡਿਆਂ 'ਤੇ ਰੋਕ ਦੇ ਨਾਲ ਹੀ ਸੈਲਾਨੀਆਂ ਦੀ ਸਿਹਤ ਸਕਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਾਰਨ ਇਨ੍ਹਾਂ ਫ਼ੌਜੀ ਅੱਡਿਆਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਜਾ ਸਕਦੀਆਂ ਹਨ।

ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਦੀ ਅਰਜ਼ੀ 'ਤੇ 7 ਲੱਖ ਨੇ ਕੀਤੇ ਦਸਤਖ਼ਤ

ਦੱਖਣੀ ਕੋਰੀਆ ਦੇ ਲੋਕਾਂ ਨੇ ਮਹਾਮਾਰੀ ਨਾਲ ਨਜਿੱਠਣ ਦੇ ਰਾਸ਼ਟਰਪਤੀ ਮੂਨ ਜੇ-ਇਨ ਵੱਲੋਂ ਚੁੱਕੇ ਗਏ ਕਦਮਾਂ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੂਰੇ ਚੀਨ ਤੋਂ ਆਉਣਇ ਵਾਲੇ ਲੋਕਾਂ 'ਤੇ ਪਾਬੰਦੀ ਲਗਾਉਣ ਦੀ ਬਜਾਏ ਸਿਰਫ਼ ਹੁਬੇਈ ਸੂਬੇ ਤੋਂ ਆਉਣ ਵਾਲੇ ਲੋਕਾਂ 'ਤੇ ਹੀ ਰੋਕ ਲਗਾਈ ਗਈ ਹੈ। ਇਸੇ ਵਜ੍ਹਾ ਨਾਲ ਇਹ ਮਹਾਮਾਰੀ ਏਨੀ ਵਧ ਗਈ ਹੈ। ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਚਲਾਉਣ ਦੀ ਅਰਜ਼ੀ 'ਤੇ ਹਾਲੇ ਤਕ 7 ਲੱਖ ਲੋਕ ਹਸਤਾਖ਼ਰ ਕਰ ੁਚੱਕੇ ਹਨ।

ਅਮਰੀਕਾ 'ਚ ਮਹਾਮਾਰੀ ਫੈਲਣ ਦਾ ਖ਼ਦਸ਼ਾ

ਵਾਸ਼ਿੰਗਟਨ : ਅਮਰੀਕਾ ਦੇ ਇਕ ਸੰਘੀ ਸਿਹਤ ਅਧਿਕਾਰੀ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ ਕਿ ਕੋਰੋਨਾ ਵਾਇਰਸ ਦਾ ਇਨਫੈਕਸ਼ਨ ਅਮਰੀਕਾ ਵਿਚ ਜ਼ਰੂਰ ਫੈਲੇਗਾ। ਅਮਰੀਕੀ ਨੈਸ਼ਨਲ ਸੈਂਟਰ ਫਾਰ ਇਮਿਊਨਾਈਜੇਸ਼ਨ ਐਂਡ ਰੈਸਿਪਰੇਟਰੀ ਡਿਸੀਜ਼ ਦੀ ਨਿਰਦੇਸ਼ਕ ਡਾ. ਨੈਂਸੀ ਮੈਸੋਨੀਅਰ ਨੇ ਕਿਹਾ, ਮਹਾਮਾਰੀ ਕਦੋਂ ਫੈਲੇਗੀ, ਇਸ ਬਾਰੇ ਵਿਚ ਕੁਝ ਨਹੀਂ ਕਿਹਾ ਜਾ ਸਕਦਾ ਹੈ। ਇਸ ਮਹਾਮਾਰੀ ਤੋਂ ਬਚਣ ਦਾ ਇਕੋ-ਇਕ ਉਪਾਅ ਇਹ ਹੈ ਕਿ ਛੋਟੇ-ਛੋਟੇ ਸਮੂਹਾਂ ਵਿਚ ਲੋਕਾਂ ਨੂੰ ਵੰਡ ਦਿੱਤਾ ਜਾਵੇ। ਮੀਟਿੰਗਾਂ ਅਤੇ ਕਾਨਫਰੰਸਾਂ ਰੱਦ ਕਰਨ ਦੇ ਨਾਲ ਹੀ ਲੋਕਾਂ ਨੂੰ ਘਰ ਤੋਂ ਹੀ ਕੰਮ ਕਰਨ ਲਈ ਪ੍ਰਰੇਰਿਤ ਕੀਤਾ ਜਾਵੇ।