ਦੁਬਈ (ਏਪੀ) : ਈਰਾਨ ਦੇ ਦੱਖਣ-ਪੱਛਮੀ ਖੇਤਰ 'ਚ ਪਾਣੀ ਲਈ ਹਾਹਾਕਾਰ ਮਚੀ ਹੋਈ ਹੈ। ਜਗ੍ਹਾ-ਜਗ੍ਹਾ ਅੰਦੋਲਨ ਹੋ ਰਹੇ ਹਨ। ਇਸ ਦਰਮਿਆਨ ਪ੍ਰਦਰਸ਼ਨਾਂ ਨੂੰ ਰੋਕਣ ਲਈ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਹੈ। ਇਹ ਸਿਲਸਿਲਾ ਲਗਾਤਾਰ ਇਕ ਹਫ਼ਤੇ ਤੋਂ ਚੱਲ ਰਿਹਾ ਹੈ।


ਇੰਟਰਨੈੱਟ ਅਕਸੈੱਸ ਐਡਵੋਕੇਸੀ ਗਰੁੱਪ ਨੇ ਇੰਟਰਨੈੱਟ ਦੀ ਇਸ ਰੁਕਾਵਟ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਇਸ ਗਰੁੱਪ ਦਾ ਕਹਿਣਾ ਹੈ ਕਿ ਪਾਣੀ ਦੇ ਭਿਆਨਕ ਸੰਕਟ ਦਰਮਿਆਨ ਇੰਟਰਨੈੱਟ ਦੀ ਲੋੜ ਵਧਣ ਤੋਂ ਬਾਅਦ ਵੀ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਯਾਦ ਰਹੇ ਕਿ ਪਾਣੀ ਦਾ ਸੰਕਟ ਹੋਣ ਤੋਂ ਬਾਅਦ ਇੱਥੋਂ ਦੇ ਖੂਜੇਸਤਾਨ 'ਚ ਸਭ ਤੋਂ ਪਹਿਲਾਂ ਅੰਦੋਲਨ ਸ਼ੁਰੂ ਹੋਇਆ ਸੀ, ਇਸ 'ਚ ਤਮਾਮ ਲੋਕਾਂ ਦੇ ਜ਼ਖ਼ਮੀ ਹੋਣ ਦੇ ਨਾਲ ਹੀ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਈਰਾਨ 'ਚ ਮਨੁੱਖੀ ਅਧਿਕਾਰ ਵਰਕਰਾਂ ਮੁਤਾਬਕ ਖੂਜੇਸਤਾਨ ਸੂੁਬੇ ਦੇ ਅੱਠ ਸ਼ਹਿਰਾਂ ਤੇ ਕਸਬਿਆਂ 'ਚ ਪਾਣੀ ਨੂੰ ਲੈ ਕੇ ਮੁਜ਼ਾਹਰੇ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ 'ਚ ਇਕ ਮੁਜ਼ਾਹਰੇ 'ਚ ਪੁਲਿਸ ਅਧਿਕਾਰੀ ਦੀ ਹੱਤਿਆ ਵੀ ਕੀਤੀ ਗਈ ਹੈ।

Posted By: Rajnish Kaur