ਦੁਬਈ (ਪੀਟੀਆਈ) : ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਦੁਬਈ ਵਿਚ ਇਕ ਦੁਕਾਨ ਤੋਂ 20 ਲੱਖ ਡਾਲਰ (ਕਰੀਬ 14 ਕਰੋੜ ਰੁਪਏ) ਦੀਆਂ ਕੀਮਤੀ ਘੜੀਆਂ ਚੋਰੀ ਕਰਨ ਵਾਲੇ ਭਾਰਤੀ ਸਫਾਈ ਕਰਮਚਾਰੀ ਨੂੰ ਇਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਦੁਬਈ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਇਸ ਮਾਮਲੇ ਵਿਚ 26 ਸਾਲ ਦੇ ਭਾਰਤੀ ਸਫ਼ਾਈ ਕਰਮਚਾਰੀ ਦੇ ਇਲਾਵਾ ਚੋਰੀ ਪਿੱਛੋਂ ਘੜੀਆਂ ਨੂੰ ਟਿਕਾਣੇ ਲਗਾਉਣ ਵਿਚ ਮਦਦ ਕਰਨ ਵਾਲੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਵੀ ਇਕ-ਇਕ ਸਾਲ ਦੀ ਸਜ਼ਾ ਸੁਣਾਈ। ਫਿਲਹਾਲ ਦੋਵੇਂ ਪਾਕਿਸਤਾਨੀ ਫ਼ਰਾਰ ਹਨ।

ਪਿਛਲੇ ਸਾਲ ਇਹ ਚੋਰੀ ਤਦ ਫੜੀ ਗਈ ਸੀ ਜਦੋਂ ਦੁਕਾਨ ਦੇ ਮਾਲਕ ਨੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਸਫ਼ਾਈ ਕਰਮਚਾਰੀ ਨੂੰ ਘੜੀਆਂ ਚੁੱਕ ਕੇ ਚੋਰੀ ਕਰਨ ਦੇ ਇਰਾਦੇ ਨਾਲ ਕੂੜੇਦਾਨ ਵਿਚ ਸੁੱਟਦੇ ਦੇਖਿਆ। ਸਫ਼ਾਈ ਪਿੱਛੋਂ ਕੂੜਾ ਬਾਹਰ ਲੈ ਕੇ ਜਾਣ ਦੌਰਾਨ ਉਹ ਇਨ੍ਹਾਂ ਘੜੀਆਂ ਨੂੰ ਦੁਕਾਨ ਤੋਂ ਬਾਹਰ ਲਿਜਾਣ ਵਿਚ ਸਫਲ ਹੋ ਜਾਂਦਾ ਸੀ। ਬਾਅਦ ਵਿਚ ਉਸ ਦੇ ਪਾਕਿਸਤਾਨੀ ਸਾਥੀ ਇਨ੍ਹਾਂ ਘੜੀਆਂ ਨੂੰ ਵੇਚ ਦਿੰਦੇ ਸਨ। ਇਨ੍ਹਾਂ ਲੋਕਾਂ ਨੇ ਮਿਲ ਕੇ 86 ਕੀਮਤੀ ਘੜੀਆਂ ਚੋਰੀ ਕੀਤੀਆਂ ਸਨ।