ਦੁਬਈ (ਪੀਟੀਆਈ) : ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ 15 ਸਾਲਾਂ ਦੀ ਭਾਰਤੀ ਕੁੜੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਨਮਾਨ ਵਿਚ ਉਨ੍ਹਾਂ ਦੇ 70ਵੇਂ ਜਨਮ ਦਿਨ 'ਤੇ ਇਕ ਗੀਤ ਗਾਉਣ ਲਈ ਕਾਫ਼ੀ ਪ੍ਰਸ਼ੰਸਾ ਮਿਲ ਰਹੀ ਹੈ।

ਖਲੀਜ ਟਾਈਮਜ਼ 'ਚ ਵੀਰਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇੱਥੇ ਇੰਡੀਅਨ ਹਾਈ ਸਕੂਲ ਦੀ 10ਵੀਂ ਕਲਾਸ 'ਚ ਪੜ੍ਹ ਰਹੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੀ ਵਿਦਿਆਰਥਣ ਸੁਚੇਤਾ ਸਤੀਸ਼ ਨੇ 'ਨਮੋ ਨਮੋ ਵਿਸ਼ਵਗੁਰੂ ਭਾਰਤ' ਨਾਮਕ ਗੀਤ ਗਾਇਆ ਹੈ ਜਿਸ ਨੂੰ ਹਾਲ ਹੀ ਵਿਚ ਡਿਜੀਟਲ ਪਲੇਟਫਾਰਮ 'ਤੇ ਲਾਂਚ ਕੀਤਾ ਗਿਆ ਹੈ। ਗੀਤ ਦੇ ਵੀਡੀਓ 'ਚ ਮੋਦੀ ਦੇ ਸਿਆਸੀ ਕਰੀਅਰ 'ਤੇ ਚਾਨਣਾ ਪਾਇਆ ਗਿਆ ਹੈ ਅਤੇ 'ਮੇਕ ਇਨ ਇੰਡੀਆ' ਮੁਹਿੰਮ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਹ ਵੀਡੀਓ ਦਰਸ਼ਕਾਂ ਨੂੰ ਪਹਾੜ, ਨਦੀ, ਰੇਗਿਸਤਾਨ ਅਤੇ ਵੱਖ-ਵੱਖ ਸੰਸਕ੍ਰਿਤਕ ਥਾਵਾਂ ਸਮੇਤ ਭਾਰਤ 'ਤੇ ਵੀ ਯਾਤਰਾ ਕਰਵਾਉਂਦਾ ਹੈ।

ਪ੍ਰਧਾਨ ਮੰਤਰੀ ਮੋਦੀ 17 ਸਤੰਬਰ ਨੂੰ 70 ਸਾਲਾਂ ਦੇ ਹੋ ਗਏ। ਅਖ਼ਬਾਰ ਦੀ ਰਿਪੋਰਟ ਮੁਤਾਬਕ ਮਲਿਆਲਮ ਗੀਤਕਾਰ ਅਤੇ ਗਾਇਕ ਅਜੇ ਗੋਪਾਲ ਨੇ ਇਹ ਗੀਤ ਲਿਖਿਆ ਜਦਕਿ ਸੁਚੇਤਾ ਦੀ ਮਾਂ ਸੁਮਿਤਾ ਜੈਲਿਯਾਥ ਨੇ ਮੂੁਲ ਛੰਦ ਅਤੇ ਲੈਅ ਦੇ ਅਨੁਸਾਰ ਹਿੰਦੀ ਵਿਚ ਇਸ ਦਾ ਅਨੁਵਾਦ ਕੀਤਾ। ਸੁਚੇਤਾ ਨੇ ਗੀਤ ਗਾਇਆ ਅਤੇ ਉਸ ਦੀ ਆਵਾਜ਼ ਲਈ ਉਸ ਦੀ ਪ੍ਰਸ਼ੰਸਾ ਹੋ ਰਹੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਬਈ ਵਿਚ ਭਾਰਤ ਦੇ ਮਹਾ ਵਣਜ ਦੂਤ ਡਾ. ਅਮਨ ਪੁਰੀ ਨੂੰ ਵੀਰਵਾਰ ਨੂੰ ਗੀਤ ਦੀ ਇਕ ਕਾਪੀ ਭੇਟ ਕੀਤੀ ਗਈ। ਉਨ੍ਹਾਂ ਸੁਚੇਤਾ ਦੀ ਆਵਾਜ਼ ਲਈ ਪ੍ਰਸ਼ੰਸਾ ਕੀਤੀ। ਇਸ ਨੂੰ ਲੈ ਕੇ ਵਿਦਿਆਰਥਣ ਨੇ ਕਿਹਾ ਕਿ ਅਸੀਂ ਇਕ ਸਾਲ ਪਹਿਲੇ ਜਦੋਂ ਇਸ ਨੂੰ ਮਲਿਆਲਮ ਵਿਚ ਲਿਖਿਆ ਗਿਆ ਅਤੇ ਰਿਕਾਰਡ ਕੀਤਾ ਗਿਆ ਤਾਂ ਇਸ ਨੂੰ ਪੂਰਾ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲੱਗਾ। ਸੁਚੇਤਾ ਦੇ ਨਾਂ 'ਤੇ ਕੋਵਿਡ-19 ਨੂੰ ਲੈ ਕੇ 29 ਭਾਸ਼ਾਵਾਂ 'ਚ ਜਾਗਰੂਕਤਾ ਗੀਤ ਗਾਉਣ ਦਾ ਵਿਸ਼ਵ ਰਿਕਾਰਡ ਹੈ।