ਦੁਬਈ (ਆਈਏਐੱਨਐੱਸ) : ਇਥੋਂ ਦੇ ਇਕ ਯਾਰਡ ਵਿਚ ਆਪਣੀ ਸੌਣ ਵਾਲੀ ਥਾਂ 'ਤੇ ਸਾਥੀ ਦੇ ਸੌਣ ਕਾਰਨ ਗੁੱਸੇ ਵਿਚ ਆਏ ਭਾਰਤੀ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਦੁਬਈ ਦੀ ਅਦਾਲਤ ਵਿਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਵਿਚ ਦੱਸਿਆ ਗਿਆ ਹੈ ਕਿ ਭਾਰਤੀ ਵਿਅਕਤੀ ਜੋਕਿ ਸ਼ਰਾਬੀ ਹਾਲਤ ਵਿਚ ਸੀ ਜਦੋਂ ਆਪਣੇ ਸੌਣ ਵਾਲੇ ਕਮਰੇ ਵਿਚ ਆਇਆ ਤਾਂ ਉੱਥੇ ਆਪਣੇ ਸਾਥੀ ਨੂੰ ਸੁੱਤੇ ਹੋਏ ਵੇਖ ਕੇ ਗੁੱਸੇ ਵਿਚ ਆ ਗਿਆ ਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

'ਖਲੀਜ਼ ਟਾਈਮਜ਼' ਅਖ਼ਬਾਰ ਦੀ ਰਿਪੋਰਟ ਅਨੁਸਾਰ ਇਹ ਘਟਨਾ 18 ਅਗਸਤ ਦੀ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਲ ਕੁਓਜ਼ ਇੰਡਸਟ੍ਰੀਅਲ ਖੇਤਰ ਦੇ ਇਕ ਮਾਲ ਦੇ ਪਿੱਛੇ ਇਕ ਯਾਰਡ ਵਿਚ ਇਕ ਲਾਸ਼ ਦਬਾਈ ਗਈ ਹੈ। ਜਾਂਚ ਦੌਰਾਨ ਪੁਲਿਸ ਨੇ ਇਕ ਭਾਰਤੀ ਨੂੰ ਦੋਸ਼ੀ ਪਾਇਆ ਤੇ ਉਸ ਨੂੰ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿੱਤਾ। ਪੁਲਿਸ ਅਨੁਸਾਰ ਦੋਸ਼ੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ ਤੇ 28 ਨਵੰਬਰ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ।