ਸਿੰਗਾਪੁਰ (ਪੀਟੀਆਈ) : ਸਿੰਗਾਪੁਰ ਵਿਚ ਐਂਟਰਟੇਨਮੈਂਟ ਕਲੱਬ ਚਲਾਉਣ ਵਾਲੇ ਭਾਰਤੀ ਜੋੜੇ ਨੂੰ ਤਿੰਨ ਬੰਗਲਾਦੇਸ਼ੀ ਔਰਤਾਂ ਨੂੰ ਨਾਜਾਇਜ਼ ਤੌਰ 'ਤੇ ਸ਼ਰਨ ਦੇਣ ਦਾ ਦੋਸ਼ੀ ਪਾਇਆ ਗਿਆ। ਮੰਨਿਆ ਜਾ ਰਿਹਾ ਹੈ ਕਿ ਸਿੰਗਾਪੁਰ ਵਿਚ ਮਨੁੱਖੀ ਸਮੱਗਲਿੰਗ ਵਿਚ ਕਿਸੇ ਨੂੰ ਸਜ਼ਾ ਦੇਣ ਦਾ ਇਹ ਪਹਿਲਾ ਮਾਮਲਾ ਹੋਵੇਗਾ। ਇਨ੍ਹਾਂ ਦੀ ਸਜ਼ਾ ਦਾ ਐਲਾਨ 19 ਦਸੰਬਰ ਨੂੰ ਕੀਤਾ ਜਾਏਗਾ।

'ਚੈਨਲ ਨਿਊਜ਼ ਏਸ਼ੀਆ' ਮੁਤਾਬਿਕ ਪ੍ਰਿਅੰਕਾ ਭੱਟਾਚਾਰੀਆ (29) ਅਤੇ ਮਾਲਕਰ ਸਾਵਲਾਰਾਮ ਅਨੰਤ (49) 'ਤੇ ਔਰਤਾਂ ਦੇ ਸ਼ੋਸ਼ਣ ਦਾ ਵੀ ਦੋਸ਼ ਹੈ। ਭਾਰਤੀ ਜੋੜੇ 'ਤੇ ਇਕ ਔਰਤ ਨੂੰ ਦੇਹ ਵਪਾਰ ਵਿਚ ਧੱਕਣ ਦਾ ਵੀ ਦੋਸ਼ ਹੈ। ਨਿਊਜ਼ ਚੈਨਲ ਨੇ ਅਦਾਲਤ ਦੀ ਕਾਰਵਾਈ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਤਿੰਨਾਂ ਔਰਤਾਂ ਨੂੰ ਕਲੱਬ ਕੰਗਨ ਅਤੇ ਕਿਕ ਵਿਚ 60 ਹਜ਼ਾਰ ਬੰਗਲਾਦੇਸ਼ੀ ਟਕਾ (ਸਾਢੇ 50 ਹਜ਼ਾਰ ਰੁਪਏ) ਦੀ ਮਾਸਿਕ ਤਨਖ਼ਾਹ ਦੇ ਨਾਲ ਬਤੌਰ ਡਾਂਸਰ ਦੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਹਾਲਾਂਕਿ ਇਨ੍ਹਾਂ ਨੂੰ ਉੱਥੇ ਬਹੁਤ ਹੀ ਮਾੜੀ ਹਾਲਤ ਵਿਚ ਰੱਖਿਆ ਜਾਂਦਾ ਸੀ। ਮੁਦਈ ਧਿਰ ਮੁਤਾਬਿਕ ਇਹ ਜੋੜਾ ਗੱਲ-ਗੱਲ 'ਤੇ ਇਨ੍ਹਾਂ ਨੂੰ ਗਾਲ਼ਾਂ ਕੱਢਦਾ ਸੀ, ਗ਼ਲਤੀ ਹੋਣ 'ਤੇ ਆਰਥਿਕ ਸਜ਼ਾ ਲਗਾਉਂਦੇ ਸਨ ਅਤੇ ਉਨ੍ਹਾਂ ਦੀ ਹਰੇਕ ਸਰਗਰਮੀ 'ਤੇ ਨਜ਼ਰ ਰੱਖਦੇ ਸਨ। ਉਨ੍ਹਾਂ ਨੂੰ ਗਾਹਕਾਂ ਤੋਂ ਮਿਲਣ ਵਾਲੀ ਟਿਪ ਰਾਸ਼ੀ ਵੀ ਨਹੀਂ ਰੱਖਣ ਦਿੱਤੀ ਜਾਂਦੀ ਸੀ। ਇਸ ਦੇ ਇਲਾਵਾ ਇਨ੍ਹਾਂ ਵਿਚੋਂ ਦੋ ਔਰਤਾਂ ਨੂੰ ਤਾਂ ਤਨਖ਼ਾਹ ਵੀ ਨਹੀਂ ਦਿੱਤੀ ਜਾਂਦੀ ਸੀ।