ਜਨੇਵਾ (ਏਜੰਸੀ) : ਸੰਯੁਕਤ ਰਾਸ਼ਟਰ ਸੰਮੇਲਨ ’ਚ ਭਾਰਤੀ ਰਾਜਦੂਤ ਪੰਕਜ ਸ਼ਰਮਾ ਨੇ ਹਥਿਆਰਬੰਦੀ ’ਤੇ ਕਿਹਾ ਕਿ ਭਾਰਤ ਇਕ ਜ਼ਿੰਮੇਵਾਰ ਪਰਮਾਣੂ ਹਥਿਆਰ ਸੰਪਨ ਦੇਸ਼ ਹੈ। ਭਾਰਤ ਆਲਮੀ, ਬਗ਼ੈਰ ਵਿਤਕਰੇ ਤੇ ਇਕ ਭਰੋਸੇਯੋਗ ਪਰਮਾਣੂ ਹਥਿਆਰਬੰਦੀ ਪ੍ਰਤੀ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਨਾਲ ਹੀ ਉਹ ਘੱਟੋ-ਘੱਟ ਪ੍ਰਤੀਰੋਧਕ ਸਮਰੱਥਾ ਦੀ ਆਪਣੀ ਨੀਤੀ ’ਤੇ ਪੂਰੀ ਤਰ੍ਹਾਂ ਭਰੋਸੇ ਨਾਲ ਕਾਇਮ ਹੈ। ਭਾਰਤ ਪਹਿਲਾਂ ਹਮਲਾ ਨਾ ਕਰਨ ਦੀ ਨੀਤੀ ਤੇ ਗ਼ੈਰ ਪਰਮਾਣੂ ਹਥਿਆਰ ਸੰਪਨ ਦੇਸ਼ਾਂ ’ਤੇ ਇਸ ਦਾ ਇਸਤੇਮਾਲ ਨਾ ਕਰਨ ਦੀ ਨੀਤੀ ’ਤੇ ਕਾਇਮ ਹੈ।

ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਇਜਲਾਸ ’ਚ ਭਾਰਤੀ ਸਫ਼ਾਰਤਕਾਰ ਨੇ ਆਲਮੀ ਸ਼ਾਂਤੀ ਤੇ ਸੁਰੱਖਿਆ ਦੇ ਸਾਰੇ ਪੱਖਾਂ ਦਾ ਜ਼ਿਕਰ ਕੀਤਾ ਤੇ ਇਸ ਪ੍ਰਤੀ ਉੱਭਰਦੇ ਖ਼ਤਰਿਆਂ ਦਾ ਵੀ ਜ਼ਿਕਰ ਕੀਤਾ। ਇਸ ’ਚ ਸਮੂਹਿਕ ਵਿਨਾਸ਼ ਦੇ ਹਥਿਆਰਾਂ ਤੋਂ ਲੈ ਕੇ ਅੱਤਵਾਦ ਤੇ ਸਾਇਬਰ ਖ਼ਤਰੇ ਦਾ ਵੀ ਜ਼ਿਕਰ ਕੀਤਾ ਗਿਆ।

ਰਾਜਦੂਤ ਸ਼ਰਮਾ ਨੇ ਕਿਹਾ ਕਿ ਭਾਰਤ ਦੀ ਤਜਵੀਜ਼ ਹੈ ਕਿ ਇਕ ਤੋਂ ਬਾਅਦ ਇਕ ਪੂਰੀ ਤਰ੍ਹਾਂ ਪਰਮਾਣੂ ਹਥਿਆਰਾਂ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਜ਼ਿਕਰ ਭਾਰਤ ਨੇ ਸਾਲ 2007 ਦੇ ਹਥਿਆਰਬੰਦੀ ’ਤੇ ਹੋਏ ਸੰਮੇਲਨ ’ਚ ਵੀ ਕੀਤਾ ਹੈ। ਉਨ੍ਹਾਂ ਨੇ ਇਕ ਪਰਮਾਣੂ ਹਥਿਆਰ ਸੰਮੇਲਨ ਕਰਵਾਉਣ ਦਾ ਵੀ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਇਸ ਮੁੱਦੇ ਦੇ ਤਿੰਨ ਅਹਿਮ ਪਹਿਲੂਆਂ ਵੱਲ ਪ੍ਰਤੀਬੱਧ ਰਹੇਗਾ। ਅਸੀਂ ਪਹਿਲ ਪ੍ਰਤੀ ਬਗ਼ੈਰ ਕਿਸੇ ਧਾਰਨਾਂ ਦੇ ਪਰਮਾਣੂ ਹਥਿਆਰਬੰਦੀ ਨਾਲ ਜੁੜੇ ਹਨ। ਅਸੀਂ ਉਮੀਦ ਕਰਦੇ ਹਾਂ ਕਿ ਅਜਿਹੇ ਸੰਮੇਲਨ ਨਾਲ ਸਿਆਸੀ ਇੱਛਾ ਸ਼ਕਤੀ ਵੀ ਵਧੇਗੀ।

ਭਾਰਤੀ ਰਾਜਦੂਤ ਸ਼ਰਮਾ ਨੇ ਕਿਹਾ ਕਿ ਭਾਰਤ ਪਹਿਲਾਂ ਇਸ ਦਾ ਇਸਤੇਮਾਲ ਨਾ ਕਰਨ ਤੇ ਕਿਸੇ ਗ਼ੈਰ ਪਰਮਾਣੂ ਹਥਿਆਰ ਸੰਪਨ ਦੇਸ਼ ਖ਼ਿਲਾਫ਼ ਪਰਮਾਣੂ ਹਥਿਆਰ ਦਾ ਇਸਤੇਮਾਲ ਨਾ ਕਰਨ ਦੇ ਆਪਣੇ ਰੁਖ਼ ’ਚ ਬਦਲਾਅ ਲਿਆਉਣ ਲਈ ਤਿਆਰ ਹੈ। ਉਹ ਆਪਣੇ ਇਸ ਰੁਖ਼ ਨੂੰ ਬਹੁਪੱਖੀ ਕਾਨੂੰਨੀ ਵਿਵਸਥਾ ’ਚ ਬਦਲ ਸਕਦਾ ਹੈ। ਰਾਜਦੂਤ ਸ਼ਰਮਾ ਨੇ ਅੱਗੇ ਕਿਹਾ ਕਿ ਭਾਰਤ ਰਸਾਇਣਕ ਹਥਿਆਰਾਂ ਦੇ ਸੰਮੇਲਨ ਨੂੰ ਉੱਚ ਪੱਧਰੀ ਮਹੱਤਵ ਦਿੰਦਾ ਹੈ ਤੇ ਇਸ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਅਮਲ ’ਚ ਲਿਆਉਣਾ ਚਾਹੁੰਦਾ ਹੈ।

Posted By: Jatinder Singh